ਰੂਹਾਨੀਅਤ
ਉਮੀਦਾਂ ਦੀ ਲਾਰੀ ਦੇ ਚੁੱਕੇ ਜਾਮ ਹੋ ਗਏ ਨੇ,
ਕਿੰਨੇ ਦਿਨ ਤੇਰੀ ਯਾਦ 'ਚ ਢਲ ਕੇ ਸ਼ਾਮ ਹੋ ਗਏ ਨੇ!
ਨੀਂਦਰ, ਚੈਨ, ਸਕੂਨ, ਸਬਰ ਹਰਾਮ ਹੋ ਗਏ ਨੇ,
ਜਜ਼ਬਾਤ, ਅਹਿਸਾਸ, ਸੁਫ਼ਨੇ, ਖ਼ਿਆਲ ਨਿਲਾਮ ਹੋ ਗਏ ਨੇ!
ਅਲੀ ਵੀ ਤੂੰ ਵਲੀ, ਵੀ ਤੂੰ ਹੀ ਇਬਾਦਤ ਹੈਂ ਮੇਰੀ,
ਤੇਰੇ ਨਾਂ ਦੇ ਸਾਰੇ ਅੱਖਰ ਨਮਾਜ਼ ਹੋ ਗਏ ਨੇ!
ਸੰਗਾਂ, ਸ਼ਰਮਾਂ, ਲਹਿਜ਼ਾ, ਲਿਆਕਤ ਕਿੱਥੇ ਗੁੰਮ ਗਈ ਏ,
ਜਿਸਮਫ਼ਰੋਸ਼ੀ ਦੇ ਵਿੱਚ ਲੋਕ ਤਮਾਮ ਹੋ ਗਏ ਨੇ!
ਪਹਿਲਾਂ ਅੱਖ ਮਿਲਾਕੇ ਮੁਹੱਬਤ ਜ਼ਾਹਿਰ ਕਰਨੀ ਔਖੀ ਸੀ,
ਹੁਣ ਇਜ਼ਹਾਰ ਕਰਨ ਦੇ ਢੰਗ ਕਿੰਨੇ ਆਸਾਨ ਹੋ ਗਏ ਨੇ!
ਅਜ਼ਲੋਂ ਰਲ-ਮਿਲ ਰਹਿਣ ਦੀ ਖ਼ੁਦਾ ਰੀਤ ਚਲਾਈ ਸੀ,
ਵੰਡੀਆਂ ਕਰਕੇ ਅੱਡ-ਅੱਡ ਗੀਤਾਂ, ਕੁਰਾਨ ਹੋ ਗਏ ਨੇ!
ਮੈਂ ਨਹੀਂ ਮੰਨਦਾ ਖੁਦਾ ਵੁਦਾ ਨਾ ਮੰਨਦਾ ਮਜ਼ਹਬ ਭੈੜੇ ਨੂੰ,
ਮੈਨੂੰ ਆਪਣੇ ਅੰਦਰਲੇ ਰਹੱਸ ਪਛਾਣ ਹੋ ਗਏ ਨੇ!