ਗੁਜ਼ਾਰਿਸ਼
ਦਿਲਾਂ ਦੇ ਵਿੱਚ ਰੱਬਾ ਤੂੰ, ਜੇ ਇਸ਼ਕ ਦਾ ਬੀਜ ਲਾਇਆ ਏ,
ਮਿਹਰਬਾਨੀ ਤੇਰੀ ਹੰਝੂਆਂ ਦਾ, ਉਸ ਨੂੰ ਪਾਣੀ ਨਾ ਦੇਵੀਂ!
ਉਹਦੇ ਜੇ ਖਾਬਾਂ 'ਚ ਸੋਹਣਾ ਜਿਹਾ, ਕੋਈ ਘਰ ਬਣਾਇਆ ਏ,
ਗੁਜ਼ਾਰਿਸ਼ ਮੇਰੀ ਕਿ ਉਸਦੇ ਨੈਨਾਂ ਨੂੰ, ਸੁਨਾਮੀ ਨਾ ਦੇਵੀਂ।
ਜੇ ਤਾਣੀ ਇਸ਼ਕ ਦੀ ਉਲਝੇ, ਰਾਤਾਂ ਨੂੰ ਸੌਣ ਨਈ ਦਿੰਦੀ,
ਮਹਿਰਮ ਦੇ ਵਿੱਛੜਨ ਪਿੱਛੋਂ, ਕਿਸੇ ਦਾ ਹੋਣ ਨਈਂ ਦਿੰਦੀ!
ਜੇ ਉਸਦੇ ਨੈਨਾਂ ਨੂੰ ਸੁਫ਼ਨੇ ਦਿਖਾ ਕੇ, ਖੋਹਣੇ ਅੰਤਾਂ 'ਚ,
ਮੈਂ ਅਰਜ਼ਾਂ ਕਰਦਾ ਕਿ ਇਸ ਤੋਂ ਚੰਗਾ, ਤੂੰ ਹਾਣੀ ਨਾ ਦੇਵੀਂ।
ਜੋ ਗੁੰਮਿਆ ਏ ਖ਼ਿਆਲਾਂ 'ਚ, ਖ਼ਿਆਲ ਹਕੀਕਤ ਕਰਦੇ,
ਜੋ ਰੱਖਦਾ ਸੋਚ ਵਸਲਾਂ ਦੀ, ਤੂੰ ਉਸ ਨੂੰ ਅਕੀਦਤ ਕਰਦੇ!
ਮੁਹੱਬਤਾਂ ਦੇ ਗਲਾਸਾਂ ’ਚ ਜੇ, ਸ਼ਰਬਤ ਕੌੜੇ ਵਰਤਾਉਣੇ,
ਤਾਂ, ਐਵੇਂ ਕਿਸੇ ਨੂੰ ਭਰ ਕੇ ਪਹਿਲਾਂ, ਮਿੱਠੀ ਚਾਹਣੀ ਨਾ ਦੇਵੀਂ!
ਜੇ ਹੋਵੇ ਪਿਆਰ ਦਾ ਦਰਿਆ, ਕਿਸੇ ਦੇ ਸੀਨੇ 'ਚੋਂ ਵਹਿੰਦਾ,
ਇਹਦੇ ਵਿੱਚ ਹਰਜ਼ ਹੀ ਹੈ ਕੀ, ਜੋ ਜਾਤਾਂ ਨੂੰ ਹੈ ਜੱਝ ਕਹਿੰਦਾ!
ਜੇ ਯਾਰੋ ਸਭ ਦੇ ਘਰ ਦੀਆਂ, ਕੰਧਾਂ ਇੱਕ ਜਈਆਂ ਹੋਵਣ,
ਫਿਰ ਨਸਲਾਂ ਦੇ ਕਿੱਸਿਆ ਨੂੰ, ਕਦੇ ਹੋਣ ਹਾਵੀ ਨਾ ਦੇਵੀਂ!
ਅਗਰ ਕੋਈ ਕਿਸੇ ਉੱਪਰ, ਅੰਨ੍ਹਾ ਵਿਸ਼ਵਾਸ ਕਰਦਾ,
ਤੂੰ ਉਸ ਨੂੰ ਤੋੜ ਨਾ ਦੇਵੀਂ, ਸ਼ਾਇਰ ਏਹੀ ਦੁਆ ਕਰਦਾ।
ਜੋ ਸਾਹਾਂ ਤੋਂ ਵੀ ਪਹਿਲਾਂ, ਗੱਲ ਜਾ ਕੇ ਯਾਰ ਨੂੰ ਦੱਸੇ,
ਤੈਨੂੰ ਤੇਰੀ ਕਸਮ ਅੱਖ ਯਾਰ ਦੀ ਨੂੰ, ਸ਼ੈਤਾਨੀ ਨਾ ਦੇਵੀਂ!