ਸਿਆਣਪ
ਮੈਨੂੰ ਛੱਡਣ ਦਾ ਫੈਸਲਾ ਤੈਨੂੰ
ਸਿਆਣਿਆਂ 'ਚ ਖੜ੍ਹਾ ਕਰ ਗਿਆ
ਤੈਨੂੰ ਹਲੇ ਵੀ ਯਾਦ ਕਰਨਾ
ਮੈਨੂੰ ਨਿਆਣਿਆਂ 'ਚ ਖੜ੍ਹਾ ਕਰ ਗਿਆ
ਤੈਨੂੰ ਹਾਸੇ ਖਿੜੇ ਮੱਥੇ ਮਿਲਦੇ ਰਹੇ
ਕਿਸਮਤ ਪੋਟਾ-ਪੋਟਾ ਚੁੰਮਦੀ ਰਹੀ
ਮੇਰੇ ਹੱਥਾਂ ਦੀਆਂ ਲਕੀਰਾਂ ਦਾ ਕੰਮ ਨਾ ਆਉਣਾ
ਮੈਨੂੰ ਬੇ-ਸਹਾਰਿਆ 'ਚ ਖੜ੍ਹਾ ਕਰ ਗਿਆ
ਆਵਾਂਗੇ ਕਹਿ ਜਾਂਦੇ ਲੱਗੇ
ਸੱਜਣਾ ਦੇ ਬੂਹੇ ਤਾਲੇ ਵੱਜੇ
ਤੇਰੇ ਪਰਤ ਆਉਣ ਦਾ ਸੁਨੇਹਾ
ਮੈਨੂੰ ਲਾਰਿਆ 'ਚ ਖੜ੍ਹਾ ਕਰ ਗਿਆ।
ਪਿੰਡੇ ਦੀ ਚਮਕ ਚਾਨਣੀ ਜਿਹੀ
ਅੱਖਾਂ 'ਚ ਕੱਜਲ ਹਨੇਰੇ ਵਰਗਾ
ਤੇਰਾ ਖ਼ੁਦ ਨੂੰ ਚੰਨ ਸਮਝਣਾ
ਮੈਨੂੰ ਤਾਰਿਆਂ 'ਚ ਖੜ੍ਹਾ ਕਰ ਗਿਆ।
ਪਹਿਲਾਂ ਪਹਿਲਾਂ ਮੋਰਾਂ ਵਰਗਾ ਨਿਕਲਿਆ
ਬਾਦ ਵਿੱਚ ਤੂੰ ਵੀ ਹੋਰਾਂ ਵਰਗਾ ਨਿਕਲਿਆ
ਅੱਖਾਂ ਬੰਦ ਕਰਨ ਵਾਲਾ ਵਿਸ਼ਵਾਸ
ਮੈਨੂੰ ਉਜਾੜਿਆਂ 'ਚ ਖੜ੍ਹਾ ਕਰ ਗਿਆ।
ਤੇਰਾ ਮਹਿੰਦੀ ਦਾ ਸ਼ੌਕ ਨਵਾਬੀ
ਵਿਆਹ 'ਤੇ ਪੌਣਾਂ ਲਹਿੰਗਾ ਗੁਲਾਬੀ
ਤੇਰਾ ਕੰਗਣਾ ਖੇਡਣ ਦਾ ਚਾਅ ਅਨੋਖਾ
ਮੈਨੂੰ ਕੁਵਾਰਿਆਂ 'ਚ ਖੜ੍ਹਾ ਕਰ ਗਿਆ।