

ਮਿਲਾਂਗੇ ਜ਼ਰੂਰ-2
ਸਾਰੇ ਦੇਸਾਂ ਦੇ ਕਿਨਾਰੇ ਟੱਪਕੇ
ਮਿਲਾਂਗੇ ਜ਼ਰੂਰ ਤਾਰੇ ਟੱਪਕੇ
ਕਿਸੇ ਹੋਰ ਆਸਮਾਨ ਥੱਲੇ
ਕਿਸੇ ਹੋਰ ਬੱਦਲਾਂ ਉਹਲੇ
ਜਿੱਥੇ ਸੰਦਲੀ ਜਿਹੀ ਸ਼ਾਮ ਹੋਵੇ
ਕੋਇਲ ਕੂਕਦੀ ਮੋਰ ਨੱਚਦੇ ਹੋਣ
ਜਿੱਥੇ ਮੱਠੀ-ਮੱਠੀ ਕਣੀ ਵਰ੍ਹੇ
ਤੇ ਤੇਰੇ ਪਿੰਡੇ ਨੂੰ ਛੋਹ ਕੇ
ਮਹਿਕਦੀਆਂ ਹਵਾਵਾਂ ਮੇਰੇ ਵੱਲ ਆਉਣ
ਜਿੱਥੇ ਬੱਸ ਪਿਆਰ ਦੀ ਤਪਸ਼
ਤੇ ਇਸ਼ਕ ਦੀ ਤਲਬ ਹੋਵੇ
ਜਿੱਥੇ ਉਮਰ ਜਿਸਮਾਂ ਦੀ ਨਹੀਂ
ਰੂਹਾਂ ਦੀ ਗਿਣੀ ਜਾਂਦੀ ਹੋਵੇ
ਜਨਮ ਮਰਨ ਤੋਂ ਦੂਰ
ਕਿਸੇ ਟਾਭ ਤੇ ਨਿੱਕੀ ਜਿਹੀ ਛੰਨ ਹੋਵੇ
ਜਿੱਥੇ ਅਨੇਕਾਂ ਸੂਏ ਚੋਂਦੇ ਹੋਣ
ਤੇ ਪਾਣੀ ਸਜਦਾ ਕਰ ਕਰ ਗੁਜ਼ਰੇ
ਅਤੇ ਗਿੱਲੀ ਮਿੱਟੀ 'ਤੇ ਇੱਕ ਦੂਸਰੇ ਦਾ ਨਾਮ
ਦਿਲ ਵਾਹ ਕੇ ਉਸ ਵਿੱਚ ਲਿਖੀਏ
ਤੇ ਲਹਿਰਾਂ ਸਾਡੇ ਪਿੱਛੇ-ਪਿੱਛੇ ਆਉਣ
ਜਿਸ ਦਿਸ਼ਾ ਵੱਲ ਵੀ ਅਸੀਂ ਭੱਜੀਏ
ਹਾਂ ਬਿਲਕੁਲ ਠੀਕ ਸਮਝੇ
ਮੈਂ ਉਸ ਜਗ੍ਹਾ ਮਿਲਣ ਦੀ ਗੱਲ ਕਰਦਾ ਹਾਂ
ਜਿਸ ਦਾ ਨਾਮ 'ਜ' ਤੋਂ ਜੰਨਤ ਬਣਦਾ
ਸਾਡੇ ਦੋਹਾਂ ਦੇ ਮਿਲਣ ਦਾ ਸਿਰਨਾਵਾਂ
ਬੱਸ ਉਡੀਕ ਰੱਖੀਂ ਅਸੀਂ ਮਿਲਾਂਗੇ ਜ਼ਰੂਰ
ਬੱਸ ਉਡੀਕ ਰੱਖੀ......