ਹੌਲੇ ਹੌਲੇ ਮਾਤਾ ਜੀ ਦੇ ਪ੍ਰੇਮ ਨੇ ਮੋਹਿਨਾ ਵਿਚ ਵਾਹਿਗੁਰੂ ਜੀ ਦੇ ਸਿਮਰਨ ਦਾ ਐਸਾ ਨਿਵਾਸ ਕਰਾਇਆ ਕਿ ਠੰਢ, ਸ਼ਾਂਤੀ, ਰਸ, ਮਿਠਾਸ ਤੇ ਸੁਆਦ ਦਾ ਇਕ ਮੱਧਮ ਲਹਿਰਾਉ ਉਸ ਦੇ ਅੰਦਰ ਪੈ ਗਿਆ। ਇਹੋ ਦਸ਼ਾ ਸੋਹਿਨਾ ਦੀ ਹੋ ਗਈ।
ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥
(ਬਿਹਾ: ਵਾਰ ਮ:੩-੧੯)
ਓਹ ਜੋ ਨਿਜ ਨੂੰ ਸ੍ਰਾਪਤ ਸਮਝਦੇ ਸੇ, ਓਹ ਜੋ ਸਰਵੰਸ਼ ਦਾਨ ਕਰਕੇ ਸੁਖ ਨੂੰ ਪਹੁੰਚੇ ਸੇ, ਓਹ ਜਿਨ੍ਹਾਂ ਨੂੰ ਵਿਦਿਆ ਤੇ ਸੂਖਮ ਗੁਣਾਂ ਨੇ ਠੰਢ ਨਹੀਂ ਸੀ ਪਾਈ, ਓਹ ਜੋ ਸਾਧਨਾਂ ਤੇ ਨਿਰਤਕਾਰੀਆਂ ਨਾਲ ਬੀ ਠਾਕੁਰ ਤੋਂ ਅਤ੍ਰਿਪਤ ਰਹੇ ਸੇ, ਨਿਮਾਣੇ ਹੋ ਕੇ ਸਤਿਸੰਗ ਦੁਆਰੇ ਆ ਢੱਠੇ ਤੇ ਜੀਉ ਉਠੇ।
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੇ ਦੁਆਰ॥
ਮਤਿ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥੬੧॥
(ਸ: ਕਬੀਰ)
ਹੁਣ ਦੁਹਾਂ ਦੀ ਚਿੱਤ ਬ੍ਰਿਤੀ ਖਿੰਡਾਉ ਵਿਚ ਘੱਟ ਜਾਂਦੀ ਹੈ, ਹਾਹੁਕੇ ਵਿਚ ਨਹੀਂ ਪੈਂਦੀ। ਇਕ ਮੱਧਮ ਵੇਗਦਾ ਲਗਾਤਾਰ ਰਸ ਅੰਦਰ ਰਹਿੰਦਾ ਹੈ। ਸਿਮਰਨ ਵਿਚ ਜਰਵੀਂ ਖਿੱਚ ਲੱਗੀ ਰਹਿੰਦੀ ਹੈ, ਦਰਸ਼ਨ ਦੀ ਸਿੱਕ ਅੱਗੇ ਨਾਲੋਂ ਬਹੁਤੀ, ਪਰ ਉਸ ਵਿਚ ਨਿਰਾਸਾ ਤੇ ਟੋਟ ਨਹੀਂ ਹੈ: ਸੁਕਰ ਤੇ ਆਸ ਹੈ ਅਰ ਆਸ ਦੇ ਹੁਲਾਰਿਆਂ ਵਿਚ ਵਿਸ਼ਵਾਸ਼ ਹੈ, ਨੈਣ ਛਹਿਬਰਾਂ ਲਾਉਂਦੇ ਹਨ, ਪਰ ਸ਼ੁਕਰ ਵਿਚ :-
ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ॥
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ॥
(ਸਾਰੰਗ ਮਹਲਾ ੫)