ਇਸ ਤਰ੍ਹਾਂ ਕਰਦਿਆਂ ਸਮਾਂ ਲੰਘਦਾ ਗਿਆ, ਏਨ੍ਹਾਂ ਦੇ ਅੰਦਰ ਦੀ ਬਿਧਿ ਪਕਿਆਈ ਪਾਂਦੀ ਗਈ, 'ਮੌਤ-ਨਦੀ’ ਦੇ ਪਾਰ ਉਰਾਰ ਚਿੱਤ ਗੇੜੇ ਲਾਉਣ ਲਗ ਪਿਆ। ਐਉਂ ਜਾਪੈ ਕਿ ਇਸ ਭਵਨ ਦਾ ਇਕ ਠਾਕੁਰ ਹੈ, ਜਿਸ ਦੀ ਠਕੁਰਾਈ 'ਮੌਤ ਨਦੀ' ਦੇ ਪਾਰ ਉਰਾਰ ਹੈ। ਉਹ ਠਾਕੁਰ ਜਿਸ ਨੂੰ ਚਾਹੇ ਪਾਰ ਸੱਦੇ ਜਿਸ ਨੂੰ ਚਾਹੇ ਉਰਾਰ ਸੱਦੇ। ਮੌਤ ਕੋਈ ਦੁਖਦਾਈ ਸ਼ੈ ਨਹੀਂ, ਨਾ ਇਹ ਵਿਨਾਸ਼ ਹੈ, ਨਾ ਇਹ ਪੱਕਾ ਵਿਛੋੜਾ ਹੈ। ਇਹ ਭੀ ਭਾਸੇ ਕਿ ਜੋ ਸਿਮਰਨ ਵਿਚ ਜੀਵੇ ਹਨ, ਉਹਨਾਂ ਲਈ ਵਿਛੋੜਾ ਨਹੀਂ, ਸਾਂਈ ਨਾਲੋਂ ਕਿ ਸਾਂਈਂ ਦੇ ਪਿਆਰਿਆਂ ਨਾਲੋਂ, ਸਤਿਗੁਰ ਨਾਲੋਂ ਕਿ ਸਤਿਸੰਗ ਨਾਲੋਂ ਸਿਮਰਨ ਵਾਲੇ ਕਦੇ ਵਿਛੁੜਦੇ ਨਹੀਂ :-
ਕਬਹੂ ਸਾਧ ਸੰਗਤਿ ਇਹੁ ਪਾਵੈ॥
ਉਸ ਅਸਥਾਨ ਤੇ ਬਹੁਰਿ ਨ ਆਵੈ॥ (ਸੁਖਮਨੀ)
ਐਉਂ ਇਕ ਨਦੀ ਦੇ ਪਾਰ ਉਰਾਰ ਵਾਹਿਗੁਰੂ ਦੀਆਂ ਨਗਰੀਆਂ ਵਿਚ ਆਉਣਾ ਜਾਣਾ ਦਿੱਸਕੇ ਮਨ 'ਭੈ ਮਰਬੇ ਤੋਂ ਨਿਕਲ ਗਿਆ ਤੇ ਜੀਵਨ ਅਤਿ ਸੁਆਦਲੀ ਤੇ ਰੰਗੀਲੀ ਦਾਤ ਲੱਗਣ ਲੱਗ ਪਿਆ। ਬਿਨ ਸਿਮਰਨ ਜੀਵਨ ਇਕ ਬਲਨਾ ਦਿੱਸੇ, ਜਿਸ ਤਰ੍ਹਾਂ ਚੁਲ੍ਹੇ ਵਿਚ ਲਕੜਾਂ ਦਾ ਬਲਨਾ, ਇਸ ਤਰ੍ਹਾਂ ਸਰੀਰ ਵਿਚ ਅੰਨ ਦਾਣੇ ਫਲਾਂ ਆਦਿ ਭੋਜਨਾਂ ਦਾ ਬਲਨਾਂ। ਪਰ ਹਾਂ ਜਦ ਪ੍ਰਭੂ ਸਿਮਰਨ ਦਾ ਨਿਵਾਸ ਹੋ ਗਿਆ, ਤਦ ਜੀਵਨ ਇਕ ਅਤਿ ਰਸਦਾਇਕ ਸੁਆਦਲਾ ਆਤਮ ਲਹਿਰਾ ਹੈ। ਜਿਸ ਦਾਤੇ ਨੇ ਮਨੁੱਖ ਜੀਵਨ ਰਚਿਆ, ਉਸ ਨੇ ਇਸ ਨੂੰ 'ਪੀੜਾ' ਨਹੀਂ ਸੀ ਰਚਿਆ, ਉਸ ਨੇ ਇਹ 'ਦੁਖ ਰੂਪ ਨਹੀਂ ਸੀ ਬਣਾਇਆ, ਸਗੋਂ ਅਸਾਂ, ਜੋ ਰਚਣਹਾਰ ਨੂੰ ਵਿਸਾਰ ਕੇ ਮਰਨਹਾਰਾਂ ਤੇ ਵਿਛੁੜਨਹਾਰਾਂ ਨਾਲ ਪਿਆਰ ਪਾ ਲਿਆ, ਦੁਖ ਉਥੋਂ ਜੰਮਿਆਂ। ਮੋਹਿਨਾ ਸੋਹਿਨਾ ਜੀ ਨੂੰ ਹੁਣ ਜੀਵਨ ਰਸ ਰੂਪ ਨਜ਼ਰ ਆਵੇ। ਸੁਰਤ ਜੀਉਂਦੀ ਹੋ ਗਈ ਹੈ। ਜੀਉਂਦੀ ਸੁਰਤ ਜਿੱਧਰ ਤੱਕਦੀ ਹੈ ਸੁੰਦਰਤਾ ਰਸ ਤੇ ਸੁਆਦ ਫਰਾਟੇ ਮਾਰ ਰਿਹਾ ਹੈ। ਜਿਸ ਰਚਣਹਾਰ ਨੂੰ ਕਰੜਾ ਹਾਕਮ ਖਿਆਲਕੇ ਜਾਨ ਸਹਿਮਾਂ ਵਿਚ ਰਹਿੰਦੀ ਸੀ, ਉਹ ਸਦਾ ਪਿਆਰ ਕਰਨ ਵਾਲਾ ਦਿੱਸ ਪਿਆ।