'ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨਾ ਬੋਲੈ ਕਉਰਾ॥
(ਸੂਹੀ:੫:੫)
'ਜੀਉ ਪਈ ਸੁਰਤ' ਰਚਣਹਾਰ ਨੂੰ ਹਾਕਮ, ਤੇ ਦੰਡ ਦਾਤਾ ਨਹੀਂ ਤੱਕਦੀ, ਜੀਉ ਪਈ ਸੁਰਤ ਨੂੰ ਉਹ ਪਿਤਾ, ਉਹ ਮਾਤਾ, ਉਹ ਬੰਧਪ, ਉਹ ਭਰਾਤਾ, ਉਹ ਪਿਆਰਾਂ ਦਾ ਪੁੰਜ, ਮਿਹਰਾਂ ਦਾ ਸਾਂਈਂ, ਬਖ਼ਸ਼ਿਸ਼ ਦਾ ਘਰ ਤ੍ਰਠਣ ਤੇ ਨਿਵਾਜਣ ਦਾ ਮੇਘ, ਕੱਜ ਲੈਣ ਦਾ ਪਰਬਤ ਤੇ ਰੱਖ ਲੈਣ ਵਾਲਾ ਓਲ੍ਹਾਂ ਦਿੱਸ ਪੈਂਦਾ ਹੈ। ਇਉਂ ਦੇ ਹੋ ਕੇ ਦੁਇ ਠਾਕੁਰ ਦੇ ਚੌਜਾਂ ਪਰ ਮੋਹਿਤ ਹੁੰਦੇ ਤੇ ਕੀਰਤਨ ਕਰਦੇ ਹਨ।
"ਹਰਿ ਕੀਰਤ ਸਾਧ ਸੰਗਤਿ ਹੈ
ਸਿਰਿ ਕਰਮਨ ਕੈ ਕਰਮਾ॥ (ਸੋਰਠ: ਮ: ੫)
ਵਿਦ੍ਯਾ ਤੇ ਗੁਣ ਜਿਥੇ ਨਹੀਂ ਲੈ ਜਾਂਦੇ, ਉੱਥੇ 'ਜੀਅ ਦਾਨ' ਦਾ ਇਕ ਕਿਣਕਾ ਲੈ ਜਾਂਦਾ ਹੈ। ਸੁਖੀ ਹਨ ਪਰ ਦਾਤੇ ਦਾ ਪਿਆਰ ਕਸਕਾਂ ਮਾਰਦਾ ਹੈ। "ਹੁਕਮ ਨਹੀਂ” ਇਸ ਕਰਕੇ ਰਜ਼ਾ ਵਿਚ ਖੜੇ ਹਨ-
ਸੇਜੈ ਰਮਤੁ ਨੈਨ ਨਹੀਂ ਪੇਖਉ ਇਹੁ ਦੁਖੁ ਕਾਸਉ ਕਹਉਰੇ॥
(ਆਸਾ ਕਬੀਰ)
ਇਨ੍ਹਾਂ ਹੀ ਦਿਨਾਂ ਵਿਚ ਇਕ ਦਿਨ ਇਕ ਰਮਤਾ ਫਕੀਰ ਬਾਗ ਵਿਚ ਆ ਗਿਆ, ਸਾਰੇ ਸੈਰ ਕਰਦਾ ਮੋਹਿਨਾ ਦੇ ਦਰਵਾਜ਼ੇ ਆ ਖੜੋਤਾ, ਕਹਿਣ ਲੱਗਾ--
ਮਾਲਣ ! ਆਲੱਖ, ਮਾਲਣ ! ਅਲੱਖ। ਫ਼ਕੀਰ ਸਾਂਈਂ ਆਏ ਹਨ, ਖੈਰ ਪਾ ਦੇਹ।
ਮੋਹਿਨਾ ਅੰਦਰੋਂ ਲੱਪ ਜੁਆਰ ਦੇ ਆਟੇ ਦਾ ਲਿਆਈ। ਫਕੀਰ ਨੇ ਕਿਹਾ :-
ਦੇਖਦੀ ਨਹੀਂ !