ਰੋਡਾ--ਮਾਲਣ ! ਇਹ ਮੋਤੀਆ, ਬੇ-ਬਹਾਰਾ ਮੋਤੀਆ ਇਹ ਹਰਿਨੀ (ਗੁਲ ਦਾਉਦੀ), ਇਹ ਰੁਹਣੀ, ਇਹ ਗੇਂਦਾ, ਇਹ ਖੱਟਾ ਗੇਂਦਾ ਜੋ ਲੁਕਾ ਲੁਕਾ ਧਰਿਆ ਈ, ਰੋਡਾ ਤੱਕ ਤੱਕ ਕੇ ਰੀਝ ਰਿਹਾ ਹੈ, ਇਹ ਦੇ ਦੇਹ।
ਮਾਲਣ ਨੂੰ ਸੁਣਦਿਆਂ ਹੀ ਸੁਨਸੁਨੀ ਛਾ ਗਈ, ਕਲੇਜਾ ਕੰਬਿਆ, ਰਸ ਦੀ ਤਾਰ ਟੁੱਟੀ, ਆਕਾਸ਼ ਤੇ ਜ਼ਮੀਨ ਹਿਠਾਂਹ ਉਤਾਂਹ ਹੋਏ, ਨਿਰਬਲ ਤੇ ਸੁੰਨ ਹੋ ਕੇ ਮਾਲਣ ਜਿੱਥੇ ਖੜੀ ਸੀ, ਬਹਿ ਗਈ। ਰੋਡਾ ਇਹ ਕੌਤਕ ਦੇਖਦਾ ਰਿਹਾ, ਫੇਰ ਰੋਡਾ ਗਾਉਂਦਾ ਤੇ ਤ੍ਰੱਪਦਾ ਟੁਰ ਗਿਆ। ਕੁਝ ਚਿਰ ਮਗਰੋਂ ਸੋਹਿਨਾ ਜੀ ਆਏ। ਇਸਤ੍ਰੀ ਨੂੰ ਛੱਟੇ ਮਾਰਕੇ ਹੋਸ਼ ਆਂਦੀ ਤੇ ਉਠਾਲਿਆ ਤੇ ਪੁੱਛਿਆ: ਮੋਹਿਨਾ ! ਇਹ ਕੀ ਗਤੀ ਹੈ ? ਮੋਹਿਨਾ ਜੀ ਨੇ ਸਹਿਜ ਨਾਲ ਸਾਰਾ ਹਾਲ ਸੁਣਾਇਆ ਤੇ ਆਖਿਆ, "ਏਹ ਫੁਲ ਸ੍ਰੀ ਕਲਗੀਧਰ ਜੀ ਲਈ ਪਾਲੇ, ਅੰਮੀ ਜੀ ਦੀ ਖ਼ਾਸ ਆਯਾ ਸੀ ਕਿ ਪ੍ਰੀਤਮ ਜੀ ਦੀ ਵਰ੍ਹੇ ਗੰਢ ਵਾਲੇ ਦਿਨ ਅਸੀਂ ਮੋਤੀਏ ਦਾ ਸਿਹਰਾ ਪਹਿਨਾਈਏ। ਉਨ੍ਹਾਂ ਦੀ ਖ਼ਾਤਰ ਤੁਸਾਂ ਨੇ ਇਹ ਤਰੱਦਦ ਜਾਲ ਕੇ ਏਹ ਕੁਰੁੱਤੇ ਬੂਟੇ ਤਿਆਰ ਕੀਤੇ ਸਨ। ਅੱਜ ਇਕ ਫਕੀਰ ਇਨ੍ਹਾਂ ਦਾ ਸੁਆਲੀ ਆਇਆ, ਜੇ ਮੈਂ ਨਹੀਂ ਦੇਂਦੀ ਤਾਂ ਅੱਗੇ ਠਾਕੁਰਾਂ ਦੇ ਨਾਉਂਗੇ ਦਾ ਪਾਣੀ ਠਾਕੁਰਾਂ ਦੇ ਬਾਲਕੇ ਨੂੰ ਨਾ ਦੇਣ ਕਰਕੇ ਦਰਸ਼ਨਾਂ ਤੋਂ ਵਾਂਜੇ ਗਏ, ਹੁਣ ਠਾਕੁਰ ਦਾ ਬਾਲਕ ਠਾਕੁਰ ਜੀ ਦੇ ਨਾਉਂਗੇ ਦੇ ਫੁੱਲ ਮੰਗਦਾ ਹੈ, ਨਾ ਦਿਆਂ ਤਾਂ ਕਿਸ ਹਾਲ ਨੂੰ ਪਹੁੰਚਾਂ, ਤੇ ਜੇ ਦਿਆਂ ਤਾਂ ਅੰਮੀਂ ਜੀ ਨੂੰ ਕੀਹ ਮੂੰਹ ਦਿਆਂ ? ਜਿਨ੍ਹਾਂ ਨੇ ਸਾਨੂੰ ਮੁਰਦਿਆਂ ਨੂੰ ਜਿਵਾਲਿਆ ਹੈ ਉਨ੍ਹਾਂ ਲਈ ਇਹ ਤੁੱਛ ਸੇਵਾ ਸਿਰੇ ਨਾ ਚਾੜ੍ਹਾਂ ? ਇਸ ਦੁਚਿਤਾਈ ਵਿਚ ਐਸੀ ਨਿਰਾਸਾ ਪਈ ਕਿ ਮੈਂ ਤਾਂ ਆਪਣੇ ਭਾਣੇ ਮਰ ਗਈ ਸਾਂ, ਪਰ ਦੇਖਦੀ ਹਾਂ ਕਿ ਇਹ ਕਰੜੀ ਮੁਸ਼ਕਲ ਅਜੇ ਮੇਰੇ ਸਾਹਮਣੇ ਹੈ ਤੇ ਤੁਸੀਂ ਮੇਰੇ ਨਾਲ ਇਸ ਦੇ ਭਿਆਲ ਹੋ।”