

ਇਹ ਹਾਲ ਸੁਣ ਕੇ ਸੋਹਿਨਾ ਜੀ ਨੂੰ ਬੀ ਬੜੀ ਘਾਟ ਪਈ। ਬਨਸਪਤੀ ਵਿਦਿਆ ਵਿਚ ਪ੍ਰਬੀਨ ਸੋਹਿਨਾ ਜੀ ਨੇ ਚਾਰ ਮੋਤੀਏ ਦੇ ਬੂਟਿਆਂ ਨੂੰ ਅੰਮੀਂ ਜੀ ਦੀ ਪ੍ਰਸੰਨਤਾ ਲਈ ਵੱਡੀਆਂ ਵੱਡੀਆਂ ਚੁਕਾਠਾਂ ਵਿਚ ਸ਼ੀਸ਼ੇ ਜੜਾਕੇ ਇਨ੍ਹਾਂ ਬੂਟਿਆਂ ਦੇ ਉੱਤੇ ਸਰਪੋਸ਼ ਵਾਂਙੂ ਧਰ ਕੇ ਕੁਰੁੱਤੇ ਫੁੱਲਣ ਲਈ ਤਿਆਰ ਕੀਤਾ ਸੀ। ਦਿਨ ਨੂੰ ਸੂਰਜ ਦੀ ਤਪਸ਼ ਸ਼ੀਸ਼ਿਆਂ ਥਾਣੀਂ ਕਰੜੀ ਹੋ ਕੇ ਅੰਦਰ ਲਗਦੀ ਸੀ ਤੇ ਰਾਤ ਨੂੰ ਸ਼ੀਸ਼ਿਆਂ ਦੇ ਉਦਾਲੇ ਵਿਥ ਤੇ ਧੂਣੀ ਲਾਈ. ਜਾਂਦੀ ਸੀ । ਸੋ ਬੂਟਿਆਂ ਦੇ ਉਦਾਲੇ ਸ਼ੀਸ਼ਿਆਂ ਦੇ ਅੰਦਰ ਸਾਉਣ ਦੀ ਗਰਮੀ ਜਿੰਨੀ ਨਿੱਘੀ ਪੌਣ ਬਣੀ ਰਹਿੰਦੀ ਸੀ। ਖਾਦ ਖਾਸ ਇਕ ਤਵੇਲੇ ਦੀ ਅਰੂੜੀ ਤੋਂ ਤਿਆਰ ਕਰ ਕੇ ਦਿੱਤੀ ਸੀ, ਸਿੱਟਾ ਇਹ ਸੀ ਕਿ ਚਾਰੇ ਬੂਟੇ ਹੁਣ ਕਲੀਆਂ ਨਾਲ ਭਰੇ ਪਏ ਸਨ। ਇਸੇ ਤਰ੍ਹਾਂ ਹੁਣ ਹਰਿਨੀ (ਗੁਲਦਾਊਦੀ) ਦੇ ਬੂਟਿਆਂ ਨੂੰ ਪਰਾਲੀ ਦੀ ਛੱਤ ਪਾ ਕੇ ਕੱਜਿਆ ਸੀ। ਦਿਨੈ ਰੋਜ਼ ਪਰਾਲੀ ਲਾਹ ਕੇ ਪੂਰੀ ਧੁੱਪ ਲੁਆਉਣੀ ਤੇ ਸੂਰਜ ਆਥਣ ਤੋਂ ਪਹਿਲੇ ਫੇਰ ਕੱਜ ਦੇਣੀ, ਅਤੇ ਰਾਤ ਗਿਰਦ ਗਿਰਦ ਵਿੱਥ ਤੇ ਧੂਣੀ ਰਹਿਣੀ, ਜਿਸ ਨਾਲ ਹਵਾ ਦੀ ਨਿਘ ਘਟਣੀ ਨਾ। ਇਸੇ ਤਰ੍ਹਾਂ ਕੱਚੇ ਖੱਟੇ ਰੰਗ ਦੇ ਗੇਂਦੇ ਨੂੰ ਕੱਕਰਾਂ ਤੋਂ ਕੱਜਕੇ ਅੰਮੀਂ ਜੀ ਦੇ ਚਾਉ ਲਈ ਹੁਣ ਤੱਕ ਸੰਭਾਲਿਆ ਸੀ। ਅੱਜ ਉਹ ਵਿਘਨ ਆ ਕੇ ਪਿਆ ਕਿ ਜਿਸ ਦਾ ਸੁਲਝਾ ਨਹੀਂ ਸੁੱਝਦਾ। ਇਹ ਤਾਂ ਮੋਹਿਨਾ ਜੀ ਤਾੜ ਗਏ ਸਨ ਕਿ ਇਹ ਫਕੀਰ ਉਸ ਸਿਖ ਵਰਗਾ ਨਹੀਂ ਨਜ਼ਰੀ ਪੈਦਾ, ਪਰ ਆਖ਼ਰ ਵਾਹਿਗੁਰੂ ਦਾ ਹੈ, ਇਸ ਦੀ ਸੇਵਾ ਨਾ ਕਰਨੀ ਬੀ ਮਾੜੀ ਹੋਊ। ਇਸ ਤਰ੍ਹਾਂ ਦੀਆਂ ਗਿਣਤੀਆਂ ਇਸਤ੍ਰੀ ਭਰਤਾ ਸਾਰੀ ਰਾਤ ਕਰਦੇ ਰਹੇ। ਸਵੇਰੇ ਹੀ ਰੋਡੇ ਹੁਰੀਂ ਫਿਰ ਆ ਗਏ, ਉਹ ਸਾਰਾ ਗੀਤ ਉਸੇ ਤਰ੍ਹਾਂ ਗਾਉਂਦੇ ਤੇ ਨੱਚਦੇ ਟੱਪਦੇ ਸੇ। ਹੁਣ ਸੋਹਿਨਾ ਜੀ ਨੂੰ, ਜੋ ਆਪਣੀ ਅਕਲ ਨਾਲ ਕੁਛ ਨਹੀਂ ਸੀ ਫੁਰਿਆ,. ਸਗੋਂ ਚਿੰਤਾ ਨੇ ਸਿਮਰਨ ਵਿਚੋਂ ਕੱਢਕੇ ਦੁਖੀ ਕਰ ਦਿੱਤਾ ਸੀ, ਸਾਂਈਂ ਤੇ ਟੇਕ ਧਰਦਿਆਂ ਸਾਰ ਸੱਚ ਦਾ ਝਲਕਾ ਵੱਜਾ। ਫਕੀਰ ਨੂੰ ਆਖਣ ਲੱਗੇ-