੭. (ਮੋਹਿਨਾ ਸੋਹਿਨਾ ਤੇ ਸੂਰਾ ਗੁਰੂ)
ਕਲਗੀਆਂ ਵਾਲੇ ਸਤਿਗੁਰੂ ਦਾ ਦੀਵਾਨ ਲਗ ਰਿਹਾ ਹੈ, ਚਾਰ ਚੁਫੇਰੇ ਦੀ ਸੰਗਤ ਭਰੀ ਪਈ ਹੈ। ਦੂਰ ਦੂਰ ਦੇ ਗੁਣੀ ਗਿਆਨੀ, ਮਤ ਮਤਾਂਤਰਾਂ ਦੇ ਸਾਧੂ ਬੈਠੇ ਹਨ, ਕੀਰਤਨ ਹੋ ਰਿਹਾ ਹੈ, ਜਦੋਂ ਭੋਗ ਪਿਆ ਤਾਂ ਭੇਟਾ ਪੇਸ਼ ਹੋਈਆਂ। ਇਹਨਾਂ ਵਿਚੋਂ ਇਕ ਅਨੋਖੀ ਨੁਹਾਰ ਦੇ ਫਕੀਰ ਨੇ ਇਕ ਸੁਹਣੇ ਸੁਹਣੇ ਲਹਿਲਹਾਂਦੇ ਫੁਲਾਂ ਨਾਲ ਭਰੀ ਸੁੰਦਰ ਪਟਾਰੀ ਸਤਿਗੁਰੂ ਜੀ ਦੇ ਅੱਗੇ ਤਖ਼ਤ ਪਰ ਲਿਜਾ ਧਰੀ। ਅੱਗੇ ਤਾਂ ਸਿਰੋਂ ਨੰਗਾ ਰਹਿੰਦਾ ਸੀ, ਪਰ ਅੱਜ ਸਿਰ ਤੇ ਲੰਮੀਂ ਟੋਪੀ ਧਰੀ ਸੀ। ਸਤਿਗੁਰ ਨੇ ਪੁੱਛਿਆ:-
ਫਕੀਰ ਸਾਈਂ ! ਤੂੰ ਕੌਣ ?
ਫਕੀਰ-ਜੀ ਮੈਂ ਰੋਡਾ ਜਲਾਲੀ।
ਗੁਰੂ ਜੀ-ਰੋਡਾ ਪਲਾਲੀ ?
ਫਕੀਰ-ਨਾ ਸੱਚੇ ਪਾਤਸ਼ਾਹ ! ਰੋਡਾ ਜਲਾਲੀ !
ਗੁਰੂ ਜੀ-ਜਲਾਲੀ ? ਜੇ ਜਲਾਲੀ ਤਾਂ ਸਾਡੇ ਲਈ ਕੋਈ ਨਿੱਗਰ ਸ਼ੈ ਕਿਉਂ ਨਹੀਂ ਲਿਆਇਆ ?
ਫਕੀਰ-ਭੱਜੇ ਘੜੇ ਨੀਰ ਨਹੀਂ ਟਿਕਦਾ,
ਨੰਗਾਂ ਪਾਸ ਨ ਟਿਕਦਾ ਮਾਲ। ਮਾਲ ਬਿਨਾਂ ਕੀ ਨੰਗ ਲਿਆਵਨ ਖਾਲੀ ਹੱਥ ਸਦਾ ਕੰਗਾਲ।
ਗੁਰੂ ਜੀ-ਫੇਰ ਖਾਲੀ ਹੱਥ ਹੀ ਆ ਜਾਣਾ ਸੀ, ਫਕੀਰਾਂ ਦੇ ਸੱਖਣੇ ਹੱਥ ਸੁਹਣੇ ਲੱਗਦੇ ਹਨ।
ਫਕੀਰ--ਮਹਾਂ ਪੁਰਖਾਂ ਕੋਲ ਖਾਲੀ ਹੱਥ ਜਾਣਾ ਮਰਿਯਾਦਾ ਵਿਰੁੱਧ ਹੈ।
ਗੁਰੂ ਜੀ-ਨੰਗ ਕੀਹ ਤੇ ਮਰਿਯਾਦਾ ਕੀਹ ?
ਫਕੀਰ-ਫਕੀਰਾਂ ਦੇ ਰੰਗ।
ਗੁਰੂ ਜੀ-ਰੰਗ ਨਹੀਂ ਢੰਗ।