ਐਉਂ ਦੇ ਕੁਛ ਵਾਕ ਕਹਿੰਦੇ ਗਏ, ਨੈਣਾ ਵਿਚ ਮੋਤੀ ਭਰਦੇ ਗਏ, ਦਾਸਾਂ ਦੇ ਪ੍ਰੇਮੀ, ਦਾਸਾਂ ਨੂੰ ਆਪਣਾ 'ਜੀਵਨ ਆਖਣ ਵਾਲੇ ਬਿਹਬਲ ਹੁੰਦੇ ਗਏ। ਪ੍ਰੇਮ ਦਾ ਵੇਗ ਕਾਂਗਾਂ ਬੰਨ੍ਹੀ ਉਮੰਡ ਆਇਆ। ਉਠੇ, ਤੁਰੇ ਤੇ ਹੁਣ ਭੱਜੇ ਜਾ ਰਹੇ ਹਨ, ਮੇਰੇ ਲਾਲ, ਮੇਰੇ ਲਾਲ ਆਖਦੇ ਹਨ, ਅਰ ਸਭ ਮਰਿਆਦਾ ਦੇ ਹੱਦ ਬੰਨੇ ਤੇ ਵਡਿਆਈਆਂ ਨੂੰ ਟੱਪਦੇ ਭੱਜੀ ਜਾਂਦੇ ਹਨ। ਸੰਗਤ ਵੈਰਾਗੀ ਹੋਈ ਮਗਰ ਮਗਰ ਜਾ ਰਹੀ ਹੈ। ਨਿਜ ਹਿਰਦੇ ਦੇ ਮਹਰਮ ਇਕ ਸਿੰਘ ਜੀ ਫੂਲਾਂ ਦੀ ਪਟਾਰੀ ਨੂੰ ਕਿਸੇ ਭੇਤ ਤੇ ਹਿਤ ਨਾਲ ਬੱਧਾ ਜਾਣਕੇ ਹੱਥਾਂ ਵਿਚ ਲਈ ਮਗਰੇ ਜਾ ਰਹੇ ਹਨ। ਔਹ ਦੇਖੋ ਦਾਸਾਂ ਦੇ ਅੰਗ-ਪਾਲ, ਜੋ ਸੱਚ ਖੰਡ ਤੋਂ ਤਾਰਨ ਹਿਤ ਮਾਤ ਲੋਕ ਵਿਚ ਆਏ, ਆਨੰਦ ਪੁਰ ਦੇ ਆਨੰਦ ਦਰਬਾਰ ਵਿਚੋਂ ਪੀੜਤਾਂ ਦੀ ਪੀੜਾ ਹਰਨ ਨੱਠੇ ਜਾ ਰਹੇ ਹਨ, ਔਹ ਦੇਖੋ ਪ੍ਰੇਮ ਦੇ ਅਵਤਾਰ ਤੇ ਮਿਹਰਾਂ ਦੇ ਰੂਪ ਬਾਗ਼ ਵਿਚ ਵੜੇ। ਕੋਈ ਅਗੰਮ ਦੀ ਸੇਧ, ਕੋਈ ਨਾ ਦਿੱਸਣ ਵਾਲੀ ਖਿੱਚ, ਕੋਈ ਅਰੂਪ ਧੂਹ ਕਿਸੇ ਇਕ ਟਿਕਾਣੇ ਵਲ ਲੈ ਜਾ ਰਹੀ ਹੈ। ਬਾਗ ਦੇ ਛੇਕੜਲੇ ਖੂੰਜੇ ਅੱਪੜੇ। ਠੀਕ ਹੈ, ਜਗਤ ਰੱਖ੍ਯਕ ਸਤਿਗੁਰੂ, ਹੇ ਤ੍ਰਾਣ ਕਰਤਾ ਪ੍ਰੀਤਮ ਜੀ ! ਠੀਕ ਹੈ, ਇਥੇ ਦੋ ਲੋਥਾਂ ਵਲੂੰਧਰੇ ਚਮਨ ਵਿਚ ਸਿਸਕਦੀਆਂ ਪਈਆਂ ਹਨ। ਮਾਤਾ ਜੀਤੋ ਜੀ ਹੁਣੇ ਹੀ ਉਸ ਵਿਰਾਨੀ ਵਿਚ ਪਹੁੰਚੇ ਸਨ, ਉਸ ਵਿਰਾਨੀ ਵਿਚ ਵਾਹਿਗੁਰੂ ਦੇ ਬਾਗ ਲਈ ਤਿਆਰ ਕੀਤੀ ਆਪਣੀ ਵਾੜੀ ਨੂੰ ਵਿਰਾਨਿਆਂ ਪਿਆ ਤੱਕ ਰਹੇ ਸਨ ਕਿ ਮਾਵਾਂ ਤੋਂ ਵਧੀਕ ਉਤਾਵਲੇ ਮੋਹ ਵਾਲੇ ਦਾਤੇ ਗੁਰੂ ਜੀ ਬੀ ਅੱਪੜੇ। ਮੇਰੇ ਲਾਲ, ਮੇਰੇ ਲਾਲ !' ਕਹਿੰਦਿਆਂ ਨੇ ਦੋਵੇਂ ਸੀਸ ਗੋਦ ਵਿਚ ਲੈ ਲਏ, ਸਿਰ ਤੇ ਹੱਥ ਫੇਰਦੇ ਹਨ, ਅੱਖਾਂ ਪੂੰਝਦੇ ਹਨ, ਮੱਥਾ ਠਕੋਰਦੇ ਹਨ ਤੇ ਆਖਦੇ ਹਨ ਨਿਹਾਲ ! ਮੇਰੇ ਲਾਲੋ ਨਿਹਾਲ।'
ਕੈਸਾ ਅਦਭੁਤ ਦਰਸ਼ਨ ਹੈ, ਜਿਸ ਦੇ ਦਰਸ਼ਨਾਂ ਦੀ ਸਿੱਕ ਨੇ ਜਨਮਾਂ ਦੀਆਂ ਤ੍ਰੀਕਾਂ ਪਾ ਰਖੀਆਂ ਸਨ, ਸ਼ੁਕਰ ਤੇ ਆਗਯਾ ਸਿਰ ਧਰ ਲੈਣ ਨੇ ਕੀ ਰੰਗ ਜਮਾਇਆ ਹੈ? ਜਿਸਦੇ ਦਰਸ਼ਨਾਂ ਦੀ ਪ੍ਰਾਪਤੀ ਸਾਧੂ ਜਨ ਦੇ ਸ੍ਰਾਪ ਨੇ ਬੰਦ ਕਰ ਦਿੱਤੀ ਸੀ, ਓਹ ਦੀਨ ਦਿਆਲ ਆਪ ਤ੍ਰੁਠ ਕੇ