ਪ੍ਰੇਮ ਦੇ ਸਿਕਦੇ ਨੇਤ੍ਰ ਰੱਜਦੇ ਨਹੀਂ, ਪਰਾਲੀ ਤੇ ਬੈਠੇ ਪ੍ਰੀਤਮ ਨੂੰ ਤੱਕਦੇ ਅੰਮ੍ਰਿਤ ਛਕਦੇ, ਫੇਰ ਛਕ ਛਕ ਕੇ ਝੁਕਦੇ ਮਿਟਦੇ ਹਨ, ਸੀਸ ਨਾਲ ਨੀਉਂਦਾ ਹੈ, ਇਸ ਤਰ੍ਹਾਂ ਭਗਤੀ ਰਸ ਦਾ ਇਹ ਗੁਰੂ ਸਮੁੰਦਰ ਤੇ ਨਦੀ ਸਿੱਖੀ ਦਾ ਸੰਗਮ-ਦਰਸ਼ਨ ਕੁਛ ਚਿਰ ਬਣਿਆ ਰਿਹਾ। ਜਿਸ ਜਿਸ ਦਰਸ਼ਨ ਪਾਏ, ਜੀ ਉਠਿਆ।
ਹੁਣ ਮੋਹਿਨਾ ਸੋਹਿਨਾ ਨੂੰ ਸਮਝ ਪਈ ਕਿ ਸਤਿਗੁਰ ਭੁੰਞੇ ਬੈਠੇ ਹਨ। ਤੇ ਬਿਅਦਬੀ ਹੋ ਰਹੀ ਹੈ। ਸਜਲ ਨੇਤ੍ਰ ਹੋ ਕੇ ਕਿਹਾ: "ਠਾਕੁਰ ਜੀ ਬੜੀ ਬਿਅਦਈ ਹੋ ਰਹੀ ਹੈ ਮਿਹਰ ਕਰੋ। ਹੁਣ ਸਤਿਗੁਰੂ ਜੀ ਦੋਹਾਂ ਨੂੰ ਨਾਲ ਲੈਕੇ ਕੱਚੀ ਕੁੱਲੀ ਦੇ ਅੰਦਰ ਜਾ ਬਿਰਾਜੇ। ਜੀਤੋ ਜੀ ਨਾਲ ਗਏ। ਬਾਕੀ ਸੰਗਤ ਬਾਹਰ ਦੀਵਾਨ ਲਾਕੇ ਬੈਠ ਗਈ ਘਰ ਆਏ ਠਾਕੁਰ ਦਾ ਕੀ ਆਦਰ ਕਰਨ ਉਹ ਕੀਰਤਨ ਜਿਸ ਦੀ ਠਾਕੁਰ ਨੂੰ ਸਦਾ ਲੋੜ ਹੈ, ਸਰੋਦਾ ਲੈਕੇ ਦੋਵੇਂ ਬੈਠ ਗਏ ਤੇ ਗਾਂਵਿਆਂ-
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ॥
ਤੁਧੁ ਜੇਵਡੁ ਮੈਂ ਅਵਰੁ ਨ ਸੂਝੇ ਨਾ ਕੋ ਹੋਆ ਨ ਹੋਗੁ॥੧॥
ਹਰਿ ਜੀਉ ਸਦਾ ਤੇਰੀ ਸਰਣਾਈ॥
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ॥੧॥ਰਹਾਉ॥
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ॥
ਆਪ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ॥੨॥
ਤੇਰੀ ਸਰਣਾਈ ਸਚੀ ਹਰਿ ਜੀਉ ਨ ਓਹ ਘਟੈ ਨ ਜਾਇ॥
ਜੋ ਹਰਿ ਛੋਡਿ ਦੂਜੇ ਭਾਇ ਲਾਗੈ ਓਹੁ ਜੰਮੈ ਤੇ ਮਰਿ ਜਾਇ॥੩॥