ਜੋ ਤੇਰੀ ਸਰਣਾਈ ਹਰਿ ਜਉ ਤਿਨਾ ਦੂਖ ਭੂਖ ਕਿਛੁ ਨਾਹਿ॥ ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ॥੪॥੪॥ (ਪ੍ਰਭਾਤੀ ਮਹਲਾ ੩)
੮. (ਮੋਹਿਨਾ ਤੇ ਗੁਰਪੁਰਬ)
ਇਹ ਹਾਲ ਸੰਮਤ ੧੭੫੦-੫੧ ਬਿ: ਦੇ ਲਗਪਗ ਦੇ ਹਨ। ਅਜੇ ਅੰਮ੍ਰਿਤ ਸ਼ੁਰੂ ਨਹੀਂ ਸੀ ਹੋਇਆ, ਪਰ ਹੋਰ ਠਾਠ ਤੇ ਸਮਾਜ ਸਾਰੀ ਸ੍ਰਿਸ਼ਟੀ ਉਧਾਰ ਦਾ ਪੂਰੇ ਜੋਬਨਾਂ ਵਿਚ ਲਹਿਰਾ ਰਿਹਾ ਸੀ ਤੇ ਦੇਸ਼ ਰੱਖਿਆ ਦਾ ਸਾਮਾਨ ਸਾਰਾ ਬੱਝਦਾ ਜਾਂਦਾ ਸੀ।
ਉਹ ਫੁਲਾਂ ਦੀ ਪਟਾਰੀ ਮਾਤਾ ਜੀ ਨੇ ਉਹਨਾਂ ਪ੍ਰੇਮੀਆਂ ਦੇ ਹਵਾਲੇ ਕੀਤੀ ਕਿ ਜਿਸ ਨੀਯਤ ਤੇ ਤਿਆਰ ਹੋਏ ਹਨ, ਕੱਲ ਉਸੇ ਵਰਤਣ ਵਿਚ ਆਉਣ। ਸੋ ਦੋਹਾਂ ਨੇ ਠੀਕ ਵਕਤ ਉਤੇ ਫੁਲਾਂ ਨੂੰ ਸਵਾਰ ਬਨਾ, ਕਈ ਭਾਂਤ ਦੇ ਸਿਹਰੇ ਮਾਲਾ ਬਣਾ, ਮਾਤਾ ਜੀ ਨੂੰ ਦਿੱਤੇ ਤੇ ਉਨ੍ਹਾਂ ਨੇ ਕੁਛ ਆਪ ਤੇ ਕੁਛ ਉਹਨਾਂ ਦੀ ਹੱਥੀਂ ਸਤਿਗੁਰ ਜੀ ਦੀ ਭੇਟ ਕੀਤੇ ਤੇ ਕਰਵਾਏ। ਇਸ ਵੇਲੇ ਸਤਿਗੁਰੂ ਜੀ ਨੇ ਭਰੇ ਦੀਵਾਨ ਵਿਚ ਮੋਹਿਨਾ ਸੋਹਿਨਾ ਨੂੰ ਵਡਿਆਇਆ।
ਫੇਰ ਹੋਰ ਕ੍ਰਿਪਾਲ ਹੋ ਕੇ ਕਿਹਾ ਕਿ "ਹੇ ਲਾਲ ! ਮੈਂ ਇਤਨਾ ਪ੍ਰਸੰਨ ਹਾਂ ਜੋ ਮੰਗੋ ਸੋ ਦਿਆਂ।” ਤਾਂ ਸੋਹਿਨਾ ਜੀ ਨੇ ਬਿਨੈ ਕੀਤੀ ਕਿ "ਰੋਡੇ ਨੂੰ ਸਿਖਾਂ ਨੇ ਡੱਕ ਛੱਡਿਆ ਹੈ, ਬਖਸ਼ਿਸ਼ ਹੋ ਜਾਵੇ। ਹੇ ਦਾਤਾ ਜੀ ! ਅਸੀਂ ਜੀਵ ਭੁੱਲ ਦੇ ਸਰੀਰ ਹਾਂ, ਸਾਡੇ ਔਗੁਣਾਂ ਲਈ ਇਕ ਤੇਰੀ ਬਖਸ਼ਿਸ਼ ਤੇ ਇਕ ਤੇਰਾ ਬਖਸ਼ਿਆ ਸਿਮਰਨ, ਦੋ ਹੀ ਦਾਰੂ ਹਨ। ਰੋਡੇ ਨੂੰ ਬੀ ਤਾਰੋ ।”
ਇਹ ਕੋਮਲਤਾ ਤੇ ਖਿਮਾਂ ਦੇਖ ਕੇ ਸਤਿਗੁਰੂ ਜੀ ਨੇ ਰੋਡੇ ਨੂੰ ਬੁਲਾ ਕੇ ਅਸ਼ੀਰਵਾਦ ਦਿੱਤੀ ਤੇ ਪਿੱਠ ਤੇ ਹੱਥ ਫੇਰ ਕੇ ਕਿਹਾ: ਤੂੰ ਫਕੀਰ ਹੈਂ ਜੋ ਕਸਰ ਸੀ ਹੁਣ ਨਿਕਲ ਗਈ, ਤਕੜਾ ਹੋ। ਹਾਂ, ਜੁੜ ਹੁਸਨਾਂ ਦੇ ਸਰਵਰ--ਵਾਹਿਗੁਰੂ--ਨਾਲ, ਹੁਣ ਤੂੰ ਜਲਾਲੀ ਦਾ ਨਹੀਂ ਪਰ ਜਲਾਲ