ਕੈਸਾ ਅਦਭੂਤ ਦਰਸ਼ਨ ਹੈ, ਕੈਸੇ ਇਸਤ੍ਰੀ ਭਰਤਾ ਇਕ ਰੰਗ ਦੇ ਹਨ, ਕੈਸਾ ਘਰ ਦਾ ਸਤਿਸੰਗ ਹੈ। ਗੁਰ ਨਾਨਕ ਸੋਹਿਲੇ ਦੀ ਕਿਆ ਤਾਸੀਰ? 'ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ। ਕੈਸਾ ਮਿੱਠਾ ਫਲ ਲੱਗਾ ਹੈ ? ਜਿਸਦਾ ਬੀਜ ਗੁਰ ਨਾਨਕ ਕੇਰਦਾ ਹੈ, ਜਿਸ ਦਾ ਪਤਾ ਸਤਿਗੁਰ ਐਉਂ ਦੇਂਦਾ ਹੈ: 'ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ।' ਸੱਚ ਹੈ ਗੁਰ ਨਾਨਕ ਦਾ ਮੰਤ੍ਰ ਕਾਇਆ ਪਲਟਦਾ ਹੈ, ਮਨ ਪਲਟਦਾ ਹੈ ਤੇ ਆਤਮ ਜੀਵਨ ਦਾਨ ਕਰਦਾ ਹੈ। ਅਸਲ ਰਸਾਇਣ ਗੁਰ ਨਾਨਕ ਦੇ ਗਾਰੁੜੀ ਮੰਤ੍ਰ ਵਿਚ ਹੈ, ਜੋ ਵਿਸ ਝਾੜਦਾ ਹੈ, ਪ੍ਰੇਮ ਅੰਮ੍ਰਿਤ ਪਾਉਂਦਾ ਹੈ ਤੇ 'ਸਦਾ ਰਹੈ ਕੰਚਨ ਸੀ ਕਾਇਆਂ ਕਾਲ ਨ ਕਬਹੂੰ ਬਿਆਪੈ ਦਾ ਅਮਰ ਸੋਨਾਂ ਤਿਆਰ ਕਰਦਾ ਹੈ।
ਦੰਪਤੀ ਕਿੰਨਾ ਚਿਰ ਇਸੇ ਅਡੋਲਤਾ, ਬ੍ਰਿਤੀ ਦੀ ਰਸ ਭਰੀ ਏਕਾਗ੍ਰਤਾ ਵਿਚ ਬੈਠੇ ਰਹੇ ! ਅੱਗ ਬਲ ਬਲ ਕੇ ਹਿੱਸ ਰਹੀ ਤੇ ਸਾਗ ਉੱਬਲ ਉੱਬਲ ਕੇ ਰਿੱਝ ਰਿਹਾ, ਦੀਵਾ ਜਗ ਜਗ ਕੇ ਬੁਝ ਰਿਹਾ, ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿਚ ਜੋ ਠੰਢਾ ਠੰਢਾ ਰਸ ਆਇਆ ਸੀ ਉਹ ਆਪਣੇ ਵਿਚ ਇੰਨਾ ਗਰਕ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਸਥੂਲ ਸੰਸਾਰ ਕੀਹ ਕੀਹ ਰੰਗ ਵਟਾ ਚੁਕਾ ਹੈ। ਤਦੇ ਅੱਖ ਖੁੱਲ੍ਹੀ ਜਦੋਂ ਬੂਹੇ ਨੇ ਫੇਰ ਖਟ ਖਟ ਕੀਤੀ। ਹਿਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁੱਲ੍ਹੀਆਂ। ਮੋਹਿਨਾ ਨੇ ਦਰਵਾਜ਼ਾ ਖੂਹਲਿਆ, ਤਾਂ ਇਕ ਦਾਸ ਸੀ, ਜਿਸ ਨੇ ਬੜੇ ਪ੍ਰੇਮ ਨਾਲ ਕਿਹਾ, "ਬੀਬੀ ਜੀ ! ਮੈਂ ਸੱਚੇ ਦੁਆਰੋਂ ਆਇਆ ਹਾਂ, ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿਚੋਂ ਉਠਾਇਆ ਹੈ, ਪਰ ਅੰਮੀ ਜੀ ਨੇ ਘੱਲਿਆ ਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਨ ਲਈ ਫੁਲ ਕਿਤੋਂ ਨਹੀਂ ਆਏ ਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ, ਹੋ ਸਕੇ ਤਾਂ ਇਕ ਸਿਹਰੇ ਜੋਗੇ ਫੁਲ ਦਿਓ, ਅਰ ਛੇਤੀ ਦਿਓ ਜੋ ਸਾਡੇ ਨੇਮ ਵਿਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ।'