ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹਦਿਸ ਚਮਕੈ ਬੀਜਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ॥੯॥
(ਫੁਨਹੇ ਮਹਲਾ ੫)
ਫੁੱਲ ਤੋੜਦੇ ਹਨ, ਜੀ ਖੁਸ਼ੀ ਨਾਲ ਉਛਲਦਾ ਹੈ, ਅੰਮੀ ਜੀ ਕੇਡੇ ਚੰਗੇ ਹਨ ਜੋ ਐਸੇ ਸੁਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਇ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ, ਅੰਮੀ, ਅੰਮੀ ਤੂੰ ਧੰਨ ਹੈਂ । ਫੇਰ ਫੁੱਲਾਂ ਨੂੰ ਐਸ ਤਰ੍ਹਾਂ ਦੇ ਪ੍ਯਾਰ ਭਾਵ ਨਾਲ ਬੁਲਾਉਂਦੇ ਹਨ, ਆਖਦੇ ਹਨ :--
"ਨੇਕ ਨਸੀਬ ਤੁਸਾਡੇ, ਮਿੱਤਰੋ ! ਜਿਨ੍ਹਾਂ ਜਾਇ ਪੀਆ ਗਲ ਪੈਣਾਂ।
ਵਾਹ ਉੱਗਣਾ ਤੇ ਸੁਫਲਾ ਲਗਣਾ ਖਿੜ ਖਿੜ ਹਸ ਹਸ ਰਹਿਣਾ।
ਵਾਹ ਤੂਟਣਾ, ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ।
ਵਾਹ ਹੱਸਣ, ਵਾਹ ਰੋਣ ਤੁਹਾਡੇ ਜਿਨ੍ਹਾਂ ਜਾਇ ਪੀਆ ਗਲ ਪੈਣਾ॥
ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੁਹਣੇ ਸੁਹਣੇ ਲੈਂਦੇ ਦੇ ਫੁੱਲ ਅੰਮੀ ਜੀ ਲਈ ਇਕ ਸੁਹਣੀ ਪਟਾਰੀ ਵਿਚ ਪਾ ਕੇ ਘੱਲ ਦਿੱਤੇ।
ਤ੍ਰਿਪਹਿਰਾ ਬੀਤ ਚੁਕਾ ਸੀ, ਹੁਣ ਸੌਣ ਦਾ ਵੇਲਾ ਹੀ ਨਹੀਂ ਸੀ, ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿਚ ਲੱਗ ਪਏ।