Back ArrowLogo
Info
Profile

ਹੁਆਂਬੋ

ਲੋਕਾਂ ਦੇ ਦਰਵਾਜ਼ਿਆਂ ਦੀਆਂ ਘੰਟੀਆਂ ਵਜਾਉਣ ਦੇ ਸਾਡੇ ਮੌਕੇ ਖ਼ਤਮ ਹੋ ਗਏ ਸਨ, ਸੋ ਗਾਰਦਿਲ* ਦੀ ਸਲਾਹ ਮੰਨਦਿਆਂ ਅਸੀਂ ਉੱਤਰ ਵੱਲ ਮੂੰਹ ਕੀਤੇ। ਅਬਾਂਕੇ ਮਜਬੂਰੀ ਵਿਚ ਰੁਕਣਾ ਪਿਆ ਕਿਉਂਕਿ ਇੱਥੋਂ ਹੀ ਹੁਆਨਕਰਾਮਾ ਲਈ ਟਰੱਕ ਚੱਲਦੇ ਹਨ, ਜੋ ਹੁਆਂਬੋ ਦੀ ਕੋਹੜ-ਬਸਤੀ ਤੋਂ ਪਹਿਲਾਂ ਆਖ਼ਰੀ ਕਸਬਾ ਹੈ। ਇੱਥੇ ਆਉਣ ਤੋਂ ਪਹਿਲਾਂ ਤਕ ਮੰਜਾ ਤੇ ਬਿਸਤਰਾ ਮੰਗਣ ਦੇ ਸਾਡੇ ਜਾਣੇ-ਪਛਾਣੇ ਤਰੀਕੇ ਵਿਚ ਕੋਈ ਬਦਲਾਅ ਨਹੀਂ ਆਇਆ ਸੀ (ਨਾਗਰਿਕ ਰੱਖਿਅਕ ਤੇ ਹਸਪਤਾਲ)। ਨਾ ਹੀ ਯਾਤਰਾ ਕਰਨ ਦੇ ਤਰੀਕਿਆਂ ਵਿਚ ਕੋਈ ਫ਼ਰਕ ਪਿਆ ਸੀ। ਭਾਵੇਂ ਸਾਨੂੰ ਇਸ ਵਾਰ ਦੋ ਦਿਨ ਦੀ ਉਡੀਕ ਇਸ ਲਈ ਕਰਨੀ ਪਈ ਸੀ ਕਿ ਈਸਟਰ ਕਰਕੇ ਟਰੱਕਾਂ ਦੀ ਆਵਾਜਾਈ ਰੁਕੀ ਹੋਈ ਸੀ। ਅਸੀਂ ਪਿੰਡ ਦੇ ਦੁਆਲੇ ਬੇਮਕਸਦ ਘੁੰਮਦੇ ਰਹੇ ਸਾਂ, ਕੁਝ ਵੀ ਦਿਲਚਸਪੀ ਵਾਲਾ ਉਥੇ ਸਾਨੂੰ ਨਹੀਂ ਮਿਲਿਆ। ਸਾਡੀ ਭੁੱਖ ਮਿਟਾਉਣ ਲਈ ਵੀ ਕੁਝ ਨਹੀਂ ਸੀ, ਹਸਪਤਾਲ ਵਿਚ ਤਾਂ ਭੋਜਨ ਬਹੁਤ ਹੀ ਦੁਰਲੱਭ ਸੀ। ਇਕ ਕੂਲ੍ਹ ਦੇ ਕੋਲ ਹੀ ਇਕ ਖੇਤ ਵਿਚ ਲੇਟਿਆਂ ਅਸੀਂ ਅਸਮਾਨ ਵੱਲ ਦੇਖਿਆ, ਸ਼ਾਮ ਨੂੰ ਬਦਲਦਿਆਂ ਤੱਕਿਆ, ਪੁਰਾਣੀਆਂ ਯਾਦਾਂ ਤੇ ਬੀਤੀਆਂ ਮੁਹੱਬਤਾਂ ਯਾਦ ਕੀਤੀਆਂ ਤੇ ਅਸਮਾਨ ਵਿਚ ਉੱਡ ਰਹੇ ਹਰ ਬੱਦਲ ਵਿੱਚੋਂ ਆਪਣੇ ਭੋਜਨ ਦਾ ਅਕਸ ਦੇਖਦੇ ਰਹੇ।

ਥੋੜ੍ਹੀ ਦੇਰ ਸੌਣ ਲਈ ਪੁਲਿਸ ਚੌਕੀ ਪਰਤਦਿਆਂ ਅਸੀਂ ਨਿੱਕ-ਰਸਤਾ ਚੁਣਿਆ ਤੇ ਰਾਹ ਤੋਂ ਪੂਰੀ ਤਰ੍ਹਾਂ ਭਟਕ ਗਏ। ਖੇਤਾਂ ਦੀਆਂ ਵਾੜਾਂ ਵਿੱਚੋਂ ਲੰਘਦਿਆਂ ਅਸੀਂ ਇਕ ਘਰ ਦੀ ਡਿਊੜੀ ਅੱਗੇ ਬੈਠ ਕੇ ਆਰਾਮ ਕਰਨ ਲੱਗੇ। ਇਕ ਕੁੱਤੇ ਤੇ ਉਸਦੇ ਮਾਲਕ ਨੂੰ ਦੇਖਦਿਆਂ ਹੀ ਪੱਥਰ ਦੀ ਕੰਧ 'ਤੇ ਚੜ੍ਹ ਗਏ। ਚੰਦ ਦੀ ਚਾਂਦਨੀ ਵਿਚ ਉਹ ਦੋਵੇਂ ਭੂਤਾਂ ਵਰਗੇ ਲੱਗ ਰਹੇ ਸਨ ਪਰ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਸਾਡੇ ਆਕਾਰ ਰਾਤ ਵਿਚ ਗੁਆਚੇ ਹੋਏ ਤੇ ਭਿਆਨਕ ਹਨ। ਜਦੋਂ ਮੈਂ ਰਸਮੀ ਤੌਰ 'ਤੇ 'ਸ਼ੁਭ ਸ਼ਾਮ' ਕਿਹਾ ਤਾਂ ਇਸਦੇ ਜਵਾਬ ਵਿਚ ਕੁਝ ਉੱਘੜ-ਦੁੱਘੜੀਆਂ, ਅਸਪਸ਼ਟ ਆਵਾਜ਼ਾਂ ਸੁਣੀਆਂ। ਸ਼ਾਇਦ ਮੈਂ ਸ਼ਬਦ 'ਵੀਰਾਕੋਚਾ'* ਸੁਣਿਆ। ਫਿਰ ਉਹ ਆਦਮੀ ਤੇ ਉਸਦਾ ਕੁੱਤਾ ਸਾਡੀਆਂ ਮਾਫ਼ੀਆਂ ਤੇ ਦੋਸਤੀ ਦੀਆਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਘਰ ਅੰਦਰ ਚਲੇ ਗਏ। ਅਸੀਂ ਘਰ ਦੇ ਸਾਮ੍ਹਣੇ ਜਾਣ ਵਾਲੇ ਰਸਤੇ 'ਤੇ ਚੁੱਪ-ਚਾਪ ਤੁਰ ਪਏ ਜੋ ਇਸ ਵੇਲੇ ਸਾਨੂੰ ਬਿਲਕੁਲ ਸਹੀ ਰਸਤਾ ਜਾਪ ਰਿਹਾ ਸੀ।

–––––––––––––––

ਕਾਰਲੋਸ ਗਾਰਦਿਲ : ਪ੍ਰਸਿੱਧ ਅਰਜਨਟੀਨੀ ਅਦਾਕਾਰ ਤੇ ਟੈਂਗੋ ਸੰਗੀਤਕਾਰ

100 / 147
Previous
Next