

ਪੇਰੂ ਦੇ ਕੇਂਦਰ ਵੱਲ ਨੂੰ
ਸਾਡੀ ਯਾਤਰਾ ਉਸੇ ਤਰ੍ਹਾਂ ਜਾਰੀ ਸੀ, ਜਦੋਂ ਮਿਲਿਆ ਖਾ ਲਿਆ ਤੇ ਫਿਰ ਉਦੋਂ ਤਕ ਉਡੀਕ ਕਰੋ ਜਦੋਂ ਤਕ ਕਿਸੇ ਦਿਆਲੂ ਬੰਦੇ ਨੂੰ ਸਾਡੀ ਹਾਲਤ 'ਤੇ ਤਰਸ ਨਾ ਆ ਜਾਵੇ। ਭਾਵੇਂ ਅਸੀਂ ਬਹੁਤਾ ਜ਼ਿਆਦਾ ਨਹੀਂ ਖਾਧਾ ਸੀ, ਪਰ ਹਾਲਾਤ ਹੋਰ ਤੰਗੀ ਵਾਲੇ ਹੋ ਗਏ ਜਦੋਂ ਸਾਨੂੰ ਦੱਸਿਆ ਗਿਆ ਕਿ ਚੱਟਾਨਾਂ ਖਿਸਕਣ ਕਰਕੇ ਰਾਹ ਬੰਦ ਹੈ ਤੇ ਅਸੀਂ ਅੱਗੇ ਨਹੀਂ ਜਾ ਪਾਵਾਂਗੇ। ਅਸੀਂ ਐਂਕੋ ਨਾਂ ਦੇ ਨਿੱਕੇ ਜਿਹੇ ਪਿੰਡ ਵਿਚ ਹੀ ਆਪਣੀ ਰਾਤ ਬਤੀਤ ਕੀਤੀ। ਅਗਲੇ ਦਿਨ ਸੁਵੱਖਤੇ ਫਿਰ ਚੱਲ ਪਏ। ਥੋੜ੍ਹੀ ਦੂਰ ਜਾਣ ਤੋਂ ਬਾਦ ਹੀ ਚੱਟਾਨਾਂ ਖਿਸਕਣ ਵਾਲੀ ਜਗ੍ਹਾ 'ਤੇ ਪੁੱਜੇ ਤੇ ਸਾਰਾ ਦਿਨ ਭੁੱਖ ਤੇ ਕਾਹਲ ਦੀ ਅਵਸਥਾ ਵਿਚ ਮਜ਼ਦੂਰਾਂ ਨੂੰ ਕੰਮ ਕਰਦਿਆਂ ਦੇਖਦੇ ਹੋਏ ਗੁਜ਼ਾਰਿਆ। ਮਜ਼ਦੂਰ ਸੜਕ 'ਤੇ ਡਿੱਗੇ ਵੱਡੇ- ਵੱਡੇ ਪੱਥਰਾਂ ਨੂੰ ਬਾਰੂਦ ਨਾਲ ਤੋੜ ਰਹੇ ਸਨ। ਹਰ ਮਜ਼ਦੂਰ ਦੇ ਪਿੱਛੇ ਪੰਜ ਦੇ ਕਰੀਬ ਹੁਕਮ ਦੇਣ ਵਾਲੇ ਸਨ ਜੋ ਚੀਕਦੇ ਹੋਏ ਆਪਣੀਆਂ ਰਾਵਾਂ ਦੇ ਰਹੇ ਸਨ ਅਤੇ ਵਿਸਫੋਟਕ ਲਾਉਣ ਵਾਲਿਆਂ ਲਈ ਰੁਕਾਵਟ ਬਣ ਰਹੇ ਸਨ। ਆਪ ਉਹ ਕਦੇ ਵੀ ਮਜ਼ਦੂਰ ਨਹੀਂ ਰਹੇ ਸਨ।
ਅਸੀਂ ਥੱਲੇ ਖੱਡ ਵਿਚ ਵਹਿੰਦੀ ਤੇਜ਼ ਨਦੀ ਵਿਚ ਨਹਾ ਕੇ ਆਪਣੀ ਭੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ । ਪਾਣੀ ਏਨਾ ਠੰਢਾ ਸੀ ਕਿ ਉਸ ਵਿਚ ਜ਼ਿਆਦਾ ਸਮਾਂ ਰਿਹਾ। ਹੀ ਨਹੀਂ ਸੀ ਜਾ ਸਕਦਾ, ਨਾ ਹੀ ਸਾਡੇ ਦੋਵਾਂ ਵਿੱਚੋਂ ਕੋਈ ਸਥਿਤੀ ਦਾ ਮੁਕਾਬਲਾ ਕਰ ਸਕਦਾ ਸੀ। ਆਖ਼ਿਰਕਾਰ ਸਾਡੀ ਬੁਰੀ ਹਾਲਤ ਦੀ ਕਹਾਣੀ ਸੁਣ ਕੇ, ਇੱਕ ਵਿਅਕਤੀ ਨੇ ਸਾਨੂੰ ਮੱਕੀ ਦੀਆਂ ਛੱਲੀਆਂ ਤੇ ਦੂਸਰੇ ਨੇ ਗਾਂ ਦੇ ਗਲ਼ੇ-ਸੜੇ ਮਾਸ ਦੇ ਕੁਝ ਟੁਕੜੇ ਦਿੱਤੇ।
ਇਕ ਔਰਤ ਕੋਲੋਂ ਭਾਂਡਾ ਉਧਾਰਾ ਲੈ ਕੇ ਅਸੀਂ ਖਾਣਾ ਬਣਾਉਣ ਲੱਗ ਪਏ। ਪਰ ਅੱਧਾ ਕੰਮ ਹੀ ਹੋਇਆ ਸੀ ਕਿ ਬਾਰੂਦ ਨੇ ਰਾਹ ਵਿਚ ਪਏ ਪੱਥਰ ਤੋੜ ਦਿੱਤੇ ਤੇ ਟਰੱਕਾਂ ਦਾ ਕਾਫ਼ਲਾ ਅੱਗੇ ਵਧਣ ਲੱਗਾ । ਉਸ ਜ਼ਨਾਨੀ ਨੇ ਭਾਂਡਾ ਖੋਹ ਲਿਆ ਤੇ ਸਾਨੂੰ ਮਾਸ ਸੁੱਟ ਕੇ ਛੱਲੀਆਂ ਨੂੰ ਕੱਚੀਆਂ ਹੀ ਖਾਣਾ ਪਿਆ। ਸਾਡੀ ਬੁਰੀ ਹਾਲਤ ਦੀ ਸਿਖਰ ਇਹ ਕਿ ਉਪਰੋਂ ਰਾਤ ਪੈ ਰਹੀ ਸੀ ਤੇ ਭਿਆਨਕ ਬਾਰਿਸ਼ ਤੇ ਤੂਫਾਨ ਨੇ ਸੜਕ ਨੂੰ ਚਿੱਕੜ ਦੇ ਦਰਿਆ ਵਿਚ ਬਦਲ ਦਿੱਤਾ ਸੀ। ਉਸ ਸਮੇਂ ਇੱਕੋ ਟਰੱਕ ਦੇ ਲੰਘਣ ਲਈ ਜਗ੍ਹਾ ਸੀ, ਇਸ ਲਈ ਭੋਇ ਖਿਸਕਣ ਨਾਲ ਦੂਰ ਵਾਲੀਆਂ ਕਤਾਰਾਂ ਵਾਲੇ ਵੀ ਨੇੜੇ ਆ ਗਏ ਸਨ। ਅਸੀਂ ਲੰਮੀ ਕਤਾਰ ਵਿਚ ਸਭ ਤੋਂ ਅੱਗੇ ਸਾਂ। ਪਰ ਇਹ ਅਗੇਤ ਟੁੱਟ ਗਈ ਜਦੋਂ ਇਕ ਦੋਰਾਹੇ ਤੇ ਇਕ ਟਰੈਕਟਰ ਨਾਲ ਟੱਕਰ ਪਿੱਛੋਂ ਇੱਕ ਟਰੱਕ ਨੇ ਸੜਕ ਜਾਮ ਕਰ ਦਿੱਤੀ। ਅਸੀਂ ਫਿਰ ਫਸ ਗਏ। ਕੁਝ ਦੇਰ ਬਾਦ ਘਿਰਨੀ ਵਾਲੀ ਇਕ ਗੱਡੀ ਪਹਾੜ ਦੇ ਦੂਸਰੇ ਸਿਰੇ ਤੋਂ ਆਈ ਤੂੰ ਉਸਨੇ ਖਿੱਚ ਕੇ ਟਰੱਕ ਨੂੰ ਸੜਕ ਤੋਂ ਪਾਸੇ ਕਰ ਦਿੱਤਾ। ਇਜ ਅਸੀਂ ਸਾਰੇ ਆਪਣੇ ਰਸਤੇ