

ਪਹੁ-ਫੁੱਟਣ ਦੇ ਨਾਲ ਹੀ ਅਸੀਂ ਹੁਆਨਕਾਲੇ ਪੁੱਜੇ। ਟਰੱਕ ਦੇ ਉਤਾਰ ਦੇਣ ਤੋਂ ਬਾਦ 15 ਬਲਾਕ ਪੈਦਲ ਤੁਰ ਕੇ ਨਾਗਰਿਕ ਰੱਖਿਅਕਾਂ ਦੀ ਚੌਕੀ ਤੱਕ ਗਏ। ਅਸੀਂ ਰੋਟੀ ਖਰੀਦੀ ਤੇ ਮੇਟ ਬਣਾਈ । ਪਰ ਅਜੇ ਸ਼ੁਰੂ ਹੀ ਹੋਏ ਸਾਂ ਕਿ ਓਕਸਾਪਾਮਪਾ ਵੱਲ ਜਾ ਰਹੇ ਇਕ ਟਰੱਕ ਨੇ ਸਾਨੂੰ ਸਵਾਰੀ ਲਈ ਪੇਸ਼ਕਸ਼ ਕੀਤੀ। ਸਾਡੀ ਇੱਛਾ ਉਸ ਥਾਂ 'ਤੇ ਜਾਣ ਲਈ ਇਸ ਲਈ ਵੀ ਵਧੇਰੇ ਸੀ ਕਿਉਂਕਿ ਇਕ ਅਰਜਨਟੀਨੀ ਸਾਥੀ ਦੀ ਮਾਤਾ ਉੱਥੇ ਰਹਿੰਦੀ ਸੀ। ਘੱਟੋ-ਘੱਟ ਸਾਨੂੰ ਇਹੀ ਲਗਦਾ ਸੀ। ਸਾਨੂੰ ਆਸ ਸੀ ਕਿ ਉਹ ਕੁਝ ਦਿਨਾਂ ਲਈ ਜਾਣੀ-ਪਛਾਣੀ ਭੁੱਖ ਨੂੰ ਮਾਰਨ ਵਿਚ ਸਹਾਇਤਾ ਕਰੇਗੀ ਜਾਂ ਇਕ-ਦੋ 'ਸੋਲ' ਦੇ ਕੇ ਕੁਝ ਸਹਾਇਤਾ ਕਰੇਗੀ। ਇਸ ਲਈ ਅਸੀਂ ਹੁਆਨਕਾਲੋ ਨੂੰ ਬਿਨਾਂ ਦੇਖੇ ਹੀ ਆਪਣੇ ਭੁੱਖੇ ਢਿੱਡਾਂ ਵਲੋਂ ਪ੍ਰੇਰਿਤ ਹੋ ਕੇ ਤੁਰ ਪਏ।
ਸੜਕ ਦਾ ਪਹਿਲਾ ਹਿੱਸਾ ਬਾਕਮਾਲ ਸੀ। ਕੁਝ ਛੋਟੇ-ਛੋਟੇ ਕਸਬੇ ਵੀ ਰਾਹ ਵਿਚ ਆਏ। ਪਰ ਸ਼ਾਮ ਦੇ ਛੇ ਵਜੇ ਅਸੀਂ ਇਕ ਖਤਰਨਾਕ ਭੀੜੀ ਸੜਕ ਤੋਂ ਹੇਠਾਂ ਉਤਰਨ ਲੱਗੇ। ਇਹ ਸੜਕ ਇੱਕ ਸਮੇਂ ਇੱਕੋ ਵਾਹਨ ਲਈ ਕਾਫੀ ਸੀ। ਆਮ ਤੌਰ 'ਤੇ ਇੱਥੇ ਇਕ ਦਿਨ ਕਿਸੇ ਇੱਕੋ ਦਿਸ਼ਾ ਤੋਂ ਆਉਣ ਵਾਲੇ ਵਾਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਪਰ ਕਿਸੇ ਕਾਰਨ ਇਸ ਦਿਨ ਉਨ੍ਹਾਂ ਨੇ ਇਹ ਕਾਇਦਾ ਬਦਲ ਲਿਆ ਸੀ। ਟਰੱਕ ਲਾਂਘੇ ਲਈ ਇਕ ਦੂਜੇ ਨਾਲ ਖਹਿੰਦੇ ਹੋਏ ਗੁਜ਼ਰ ਰਹੇ ਸਨ। ਚਾਲਕ ਚੀਕਾਂ ਮਾਰ ਕੇ ਸਖਤ ਮਿਜ਼ਾਜੀ ਦਿਖਾ ਰਹੇ ਸਨ। ਉਨ੍ਹਾਂ ਟਰੱਕਾਂ ਦੇ ਪਹੀਏ ਜਿਵੇਂ ਅੱਗੇ ਨੂੰ ਰੀਂਗ ਰਹੇ ਸਨ, ਜਿਨ੍ਹਾਂ ਵੱਲ ਦੇਖਿਆ ਵੀ ਨਹੀਂ ਸੀ ਜਾ ਸਕਦਾ।
ਮੈਂ ਤੇ ਅਲਬਰਟੋ ਟਰੱਕ ਦੇ ਦੋਵਾਂ ਕਿਨਾਰਿਆਂ ਨਾਲ ਚਿਪਕੇ ਹੋਏ ਸਾਂ। ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿਚ ਠੋਸ ਜ਼ਮੀਨ 'ਤੇ ਛਾਲ ਮਾਰਨ ਲਈ ਇਕਦਮ ਤਿਆਰ। ਪਰ ਸਾਡੇ ਇੰਡੀਅਨ ਸਹਿਯਾਤਰੀ ਰੀਣ-ਭਰ ਵੀ ਨਹੀਂ ਖਿਸਕੇ। ਸਾਡਾ ਡਰ ਸੱਚਾ ਸੀ, ਪਰ ਇਸ ਇਲਾਕੇ ਵੱਲ ਜਾਣ ਵਾਲੇ ਕਈ ਚੌਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ, ਜਿਸ ਕਰਕੇ ਇਸ ਸੜਕ 'ਤੇ ਚਾਲਕਾਂ ਦੀ ਜਾਨ-ਬਚ ਗਈ ਸੀ। ਸੜਕ 'ਤੇ ਚੱਲਣ ਵਾਲੇ ਹਰ ਟਰੱਕ ਵਿਚ ਬਹੁਤ ਸਾਰੀਆਂ ਇਨਸਾਨੀ ਸਵਾਰੀਆਂ ਵੀ ਸਨ। 200 ਮੀਟਰ ਹੇਠਾਂ ਦੇਖਿਆ ਇਕ ਨਦੀ ਫੁੰਕਾਰੇ ਮਾਰਦਿਆਂ ਵਹਿੰਦੀ ਦਿਸਦੀ ਹੈ ਜੋ ਬਚਾਅ ਦੀ ਹਰ ਸੰਭਾਵਨਾ ਨੂੰ ਖਤਮ ਕਰ ਦਿੰਦੀ ਹੈ। ਸਥਾਨਕ ਜਾਣਕਾਰੀ ਤੇ ਅੰਕੜਿਆਂ ਮੁਤਾਬਕ ਹਰ ਦੁਰਘਟਨਾ ਵਿਚ ਹਰ ਇਨਸਾਨ ਮਾਰਿਆ ਗਿਆ ਸੀ। ਕੋਈ ਜ਼ਖ਼ਮੀ ਜਾਂ ਬਚਿਆ ਹੋਵੇ, ਨਾਮੁਮਕਿਨ ਸੀ।