

ਇਕ ਹੋਰ ਭਲੀ ਆਤਮਾ ਨੇ ਸਾਨੂੰ ਰੱਜਵਾਂ ਖਾਣਾ ਖਵਾ ਕੇ ਰਾਤ ਭਰ ਲਈ ਬਿਸਤਰਾ ਮੁਹੱਈਆ ਕਰਾਇਆ। ਖਾਣਾ ਇਸ ਪ੍ਰਬੰਧ ਵਿਚ ਬਿਲਕੁਲ ਅਖੀਰ 'ਤੇ ਸ਼ਾਮਿਲ ਹੋਇਆ ਸੀ, ਜਦੋਂ ਉਹ ਵਿਅਕਤੀ ਸਾਡੀ ਖ਼ੈਰੀਅਤ ਪੁੱਛਣ ਆਇਆ ਤੇ ਅਸੀਂ ਜਲਦਬਾਜ਼ੀ ਵਿਚ ਸੰਤਰਿਆਂ ਦੇ ਉਹ ਛਿੱਲੜ ਲੁਕਾ ਨਹੀਂ ਸਕੇ ਸਾਂ ਜੋ ਅਸੀਂ ਦਰਖ਼ਤਾਂ ਤੋਂ ਤੋੜੇ ਸਨ ਤੇ ਜਿਨ੍ਹਾਂ ਨਾਲ ਅਸੀਂ ਆਪਣੀ ਭੁੱਖ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂ ।
ਸ਼ਹਿਰ ਦੀ ਨਾਗਰਿਕ ਸੁਰੱਖਿਆ ਚੌਕੀ ਵਿਚ ਅਸੀਂ ਨਾਖੁਸ਼ੀ ਨਾਲ ਇਹ ਸਿੱਖਿਆ ਕਿ ਟਰੱਕ ਨੰਬਰ ਦਰਜ ਕਰਾਉਣ ਲਈ ਨਹੀਂ ਰੁਕਦੇ, ਇਸ ਲਈ ਕਿਸੇ ਸਵਾਰੀ ਦਾ ਮਿਲਣਾ ਬਹੁਤ ਔਖਾ ਕੰਮ ਹੈ। ਉਦੋਂ ਹੀ ਅਸੀਂ ਇਸ ਚੌਕੀ ਵਿਚ ਕਤਲ ਦੇ ਇਕ ਮਾਮਲੇ ਵਿਚ ਗਵਾਹੀ ਦਿੱਤੀ। ਇਸ ਮਾਮਲੇ ਦੀ ਸੂਚਨਾ ਮਕਤੂਲ ਦੇ ਪੁੱਤਰ ਅਤੇ ਇਕ ਬਣੇ-ਠਣੇ ਭੂਰੇ ਮੁਲੱਟੋ ਵਲੋਂ ਦਰਜ ਕਰਾਈ ਗਈ ਸੀ, ਜਿਹੜਾ ਖੁਦ ਨੂੰ ਮਰਨ ਵਾਲੇ ਦਾ ਨੇੜਲਾ ਮਿੱਤਰ ਦੱਸਦਾ ਸੀ। ਇਹ ਕਾਂਡ ਬੜੇ ਰਹੱਸਮਈ ਤਰੀਕੇ ਨਾਲ ਕੁਝ ਦਿਨ ਪਹਿਲਾਂ ਹੀ ਵਾਪਰਿਆ ਸੀ ਤੇ ਇਸਦੀ ਸ਼ੱਕ ਮੁੱਖ ਤੌਰ 'ਤੇ ਇਕ ਇੰਡੀਅਨ ਉੱਪਰ ਸੀ ਜਿਸ ਦੀ ਤਸਵੀਰ ਉਪਰੋਕਤ ਦੋਵੇਂ ਜਣੇ ਨਾਲ ਲਿਆਏ ਸਨ । ਸਾਰਜੈਂਟ ਨੇ ਉਹ ਤਸਵੀਰ ਸਾਨੂੰ ਦਿਖਾ ਕੇ ਕਿਹਾ, "ਡਾਕਟਰੋ ਦੇਖੋ ਤਾਂ ਜ਼ਰਾ! ਕਾਤਿਲ ਦੀ ਤਸਵੀਰ।" ਅਸੀਂ ਉਤਸ਼ਾਹ ਨਾਲ ਹਾਮੀ ਭਰੀ। ਪਰ ਥਾਣਿਓਂ ਨਿਕਦਿਆਂ ਹੀ ਮੈਂ ਅਲਬਰਟੋ ਨੂੰ ਪੁੱਛਿਆ, "ਅਸਲ ਵਿੱਚ ਕਾਤਲ ਕੌਣ ਹੈ?” ਉਹ ਵੀ ਮੇਰੇ ਵਾਂਗ ਹੀ ਸੋਚੀਂ ਪੈ ਗਿਆ ਕਿ ਉਹ ਭੂਰਾ ਬੰਦਾ ਉਸ ਇੰਡੀਅਨ ਨਾਲੋਂ ਵਧੇਰੇ ਕਾਤਿਲਾਨਾ ਲਗਦਾ ਸੀ।
ਸਵਾਰੀ ਲਈ ਉਡੀਕ ਦੇ ਲੰਮੇ ਸਮੇਂ ਵਿਚ ਅਸੀਂ ਕਿਸੇ ਨਾਲ ਦੋਸਤੀ ਗੰਢ ਲਈ, ਜੋ ਸਭ ਕੁੱਝ ਦਾ ਬੰਦੋਬਸਤ ਸਾਡੇ ਲਈ ਮੁਫ਼ਤ ਵਿਚ ਹੀ ਕਰ ਦੇਵੇਗਾ। ਆਪਣੇ ਵਾਅਦੇ ਅਨੁਸਾਰ ਉਸਨੇ ਇਕ ਟਰੱਕ ਚਾਲਕ ਨਾਲ ਗੱਲ ਕੀਤੀ, ਜਿਹੜਾ ਸਾਨੂੰ ਲਿਜ਼ਾਣ ਲਈ ਰਾਜ਼ੀ ਹੋ ਗਿਆ । ਬਾਦ ਵਿਚ ਇਹ ਸਭ ਕੁਝ ਬਦਲ ਗਿਆ। ਉਸਨੇ ਔਖ ਨਾਲ ਇਹ ਪ੍ਰਬੰਧ ਹੀ ਕੀਤਾ ਕਿ ਸਾਡੇ ਵਿੱਚੋਂ ਹਰੇਕ ਨੂੰ ਪੰਜ ਸੋਲ ਅਦਾ ਕਰਨੇ ਹੋਣਗੇ ਇਹ ਚਾਲਕਾਂ ਵਲੋਂ ਵਸੂਲ ਕੀਤੇ ਜਾਂਦੇ ਕਿਰਾਏ ਨਾਲੋਂ ਵੀਹ ਪ੍ਰਤੀਸ਼ਤ ਘੱਟ ਸਨ। ਅਸੀਂ ਤਰਲੇ ਕੀਤੇ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਜੇਕਰ ਕੁਝ ਸੇਂਟ ਛੱਡ ਦਿਓ ਤਾਂ ਇਹੀ ਸੱਚ ਵੀ ਸੀ। ਉਸ ਮਿੱਤਰ ਨੇ ਸਾਨੂੰ ਉਧਾਰ ਦੇਣ ਦਾ ਵਾਅਦਾ ਕੀਤਾ ਤੇ ਉਹਨੇ ਇਹੀ ਕੀਤਾ ਵੀ। ਜਦੋਂ ਅਸੀਂ ਪਹੁੰਚੇ ਤਾਂ ਉਹ ਰਾਤ ਬਿਤਾਉਣ ਲਈ ਸਾਨੂੰ ਆਪਣੇ ਘਰ ਲੈ ਗਿਆ।
ਇਹ ਸੜਕ ਬਹੁਤ ਹੀ ਜ਼ਿਆਦਾ ਭੀੜੀ ਸੀ, ਭਾਵੇਂ ਪਿਛਲੀ ਸੜਕ ਜਿੰਨੀ ਬੁਰੀ ਨਹੀਂ ਸੀ, ਇਹ ਸੁੰਦਰ ਵੀ ਸੀ ਕਿਉਂਕਿ ਸੜਕ ਦੇ ਕਿਨਾਰੇ ਦੇ ਜੰਗਲ ਵਿੱਚ ਭਾਂਤ-ਸੁਭਾਂਤੇ ਫਲਾਂ ਕੇਲੇ, ਪਪੀਤੇ ਦੇ ਦਰਖ਼ਤਾਂ ਵਿੱਚੋਂ ਹਵਾ ਆਉਂਦੀ ਸੀ। ਓਕਸਾਪਾਮਪਾ ਦੇ ਪੂਰੇ ਰਾਜ ਵਿਚ ਇਹ ਚੜ੍ਹਾਈ ਤੇ ਉਤਰਾਈ ਜਾਰੀ ਰਹੀ। ਸਮੁੰਦਰ ਤਲ ਤੋਂ ਕਰੀਬ ਹਜ਼ਾਰ ਮੀਟਰ ਉੱਪਰ ਸਾਡਾ ਰਹਿਣ ਦਾ ਸਥਾਨ ਵੀ ਸੀ ਤੇ ਇੱਥੇ ਹੀ ਸ਼ਾਹਰਾਹ ਸਮਾਪਤ ਵੀ ਹੁੰਦੀ ਸੀ।