

ਖਿੰਡਰੀਆਂ ਆਸਾਂ
ਬਹੁਤ ਬੇਹੂਦਾ ਤਰੀਕੇ ਨਾਲ ਅਸੀਂ ਅਗਲੀ ਸਵੇਰ ਜਾਣਿਆ ਕਿ ਸਾਡੇ ਅਰਜਨਟੀਨੀ ਮਿੱਤਰ ਨੇ ਸਾਨੂੰ ਗਲਤ ਸੂਚਨਾ ਦਿੱਤੀ ਸੀ । ਉਸਦੀ ਮਾਂ ਬਹੁਤ ਲੰਮੇ ਸਮੇਂ ਤੋਂ ਆਕਸਪਾਮਪਾ ਵਿਚ ਨਹੀਂ ਰਹੀ ਸੀ। ਅਸਲ ਵਿਚ ਉੱਥੇ ਉਸਦਾ ਜੀਜਾ ਰਹਿੰਦਾ ਸੀ। ਇਸ ਲਈ ਉਸਨੂੰ ਹੀ ਸਾਡਾ ਭਾਰ ਚੁੱਕਣਾ ਪਿਆ। ਸਾਡਾ ਸਵਾਗਤ ਸ਼ਾਨਦਾਰ ਸੀ ਤੇ ਸਾਨੂੰ ਬਹੁਤ ਵਧੀਆ ਤੇ ਵਾਧੂ ਖਾਣਾ ਮਿਲਿਆ। ਪਰ ਛੇਤੀ ਹੀ ਅਸੀਂ ਜਾਣ ਗਏ ਕਿ ਸਾਡਾ ਸਵਾਗਤ ਪੇਰੂ ਦੇ ਸ਼ਿਸ਼ਟਾਚਾਰ ਤੋਂ ਹਟ ਕੇ ਹੋਇਆ ਹੈ। ਇਹ ਦੇਖਦੇ ਹੋਏ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤੇ ਸਾਨੂੰ ਬਹੁਤ ਸਾਰੇ ਦਿਨ ਭੁੱਖ ਕੱਟਣੀ ਪਵੇਗੀ ਅਸੀਂ ਖਾਣੇ ਦੇ ਹੁਕਮ ਦੇਣ ਤੋਂ ਬਿਨਾਂ ਬਾਕੀ ਸਭ ਕੁਝ ਨਜ਼ਰ ਅੰਦਾਜ਼ ਕਰੀ ਰੱਖਿਆ। ਇਸ ਤਰ੍ਹਾਂ ਅਸੀਂ ਲਗਾਤਾਰ ਕੁਝ ਦਿਨਾਂ ਤੱਕ ਆਪਣੇ ਮਜਬੂਰ ਮਿੱਤਰਾਂ ਦੇ ਘਰ ਖਾਂਦੇ ਰਹੇ।
ਸਾਨੂੰ ਉੱਥੇ ਉਹ ਸਾਰਾ ਕੁਝ ਮਿਲਿਆ, ਜਿਸਨੇ ਸਾਡੇ ਲਈ ਸ਼ਾਨਦਾਰ ਸਮਾਂ ਬਣਾ ਦਿੱਤਾ। ਦਰਿਆ ਵਿਚ ਤੈਰਦਿਆਂ ਅਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ, ਖਾਣ ਲਈ ਰੱਜਵਾਂ ਵਧੀਆ ਭੋਜਨ ਤੇ ਪੀਣ ਲਈ ਆਨੰਦਦਾਇਕ ਕਾਫ਼ੀ। ਪਰ ਦੂਜੇ ਦਿਨ ਦੀ ਸਮਾਪਤੀ ਤਕ ਇਹ ਸਭ ਕੁਝ ਖਾਤਮੇ ਦੇ ਕੰਢੇ 'ਤੇ ਆ ਗਿਆ । ਸਾਡਾ ਮੇਜ਼ਬਾਨ ਇੰਜੀਨੀਅਰ ਇਕ ਸਕੀਮ ਲੈ ਕੇ ਸਾਡੇ ਕੋਲ ਆਇਆ। ਇਹ ਯੋਜਨਾ ਨਾ ਸਿਰਫ਼ ਅਸਰਦਾਇਕ ਸੀ ਸਗੋਂ ਸਸਤੀ ਵੀ ਸੀ। ਕਿਸੇ ਸੜਕ ਇੰਸਪੈਕਟਰ ਨੇ ਸਾਨੂੰ ਲੀਮਾ ਤਕ ਲਿਜਾਣ ਦੀ ਪੇਸ਼ਕਸ਼ ਕੀਤੀ ਸੀ। ਇਹ ਸਾਡੇ ਲਈ ਸ਼ਾਨਦਾਰ ਵਿਚਾਰ ਸੀ ਕਿਉਂਕਿ ਇੱਥੇ ਅਸੀਂ ਆਪਣੇ ਆਪ ਨੂੰ ਦੁਮੇਲਾਂ ਵਿਚ ਘਿਰਿਆ ਮਹਿਸੂਸ ਕਰ ਰਹੇ ਸਾਂ ਤੇ ਆਪਣੀ ਤਕਦੀਰ ਦੀ ਅਜ਼ਮਾਇਸ਼ ਲਈ ਰਾਜਧਾਨੀ ਤਕ ਜਾਣਾ ਚਾਹੁੰਦੇ ਸਾਂ । ਦੂਸਰੇ ਸ਼ਬਦਾਂ ਵਿਚ ਕਹੀਏ ਤਾਂ ਇਹ ਡੁੱਬਦੇ ਲਈ ਸਹਾਰੇ ਵਾਲੀ ਗੱਲ ਸੀ।
ਜਿਸ ਰਾਤ ਅਸੀਂ ਇਕ ਸਮਾਨ ਢੋਣ ਵਾਲੇ ਟਰੱਕ 'ਤੇ ਸਵਾਰ ਹੋ ਕੇ ਰਾਜਧਾਨੀ ਲਈ ਤੁਰੇ ਸਾਨੂੰ ਹਿੰਸਕ ਕਿਸਮ ਦੀ ਬਰਸਾਤ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਸਾਡੀਆਂ ਹੱਡੀਆਂ ਕੜਕਣ ਲੱਗੀਆਂ। ਸਵੇਰੇ ਦੋ ਵਜੇ ਟਰੱਕ ਨੇ ਸਾਨੂੰ ਸੇਨ ਰੇਮੋ ਯਾਨੀ ਲੀਮਾ ਤੋਂ ਅੱਧੇ ਰਾਹ ਵਿਚ ਉਤਾਰ ਦਿੱਤਾ। ਚਾਲਕ ਨੇ ਕਿਹਾ ਕਿ ਉਹ ਟਰੱਕ ਬਦਲਣ ਚੱਲਿਆ ਹੈ, ਸੋ ਅਸੀਂ ਉਡੀਕ ਕਰੀਏ । ਕਿਸੇ ਵੀ ਸ਼ੱਕ ਦੀ ਨਵਿਰਤੀ ਲਈ ਉਸਨੇ ਆਪਣਾ ਸਾਥੀ ਸਾਡੇ ਕੋਲ ਛੱਡ ਦਿੱਤਾ। 10 ਮਿੰਟ ਬਾਦ ਉਹ ਬੰਦਾ ਵੀ ਸਿਗਰਟ ਖਰੀਦਣ ਦੇ ਬਹਾਨੇ ਖਿਸਕ ਗਿਆ। ਸਵੇਰੇ ਪੰਜ ਵਜੇ ਅਰਜਨਟੀਨਾ ਦੇ ਇਸ ਜੋੜੇ ਨੂੰ ਇਸ ਕੌੜੇ ਤਜਰਬੇ ਨਾਲ ਸਵੇਰ ਦਾ ਨਾਸ਼ਤਾ ਬਣਾ ਕੇ ਖਾਣਾ ਪਿਆ ਕਿ ਸਾਨੂੰ ਇਕ ਲੰਮੀ ਪੈਦਲ ਯਾਤਰਾ ਲਈ ਛੱਡ ਦਿੱਤਾ ਗਿਆ ਹੈ।