ਇਕ ਸਵੇਰ ਡਾਕਟਰ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਸਿਰ ਨਹੀਂ ਹਿਲਾਇਆ। ਇਹ ਕਾਫ਼ੀ ਸੀ। ਇਕ ਘੰਟੇ ਦੇ ਅੰਦਰ-ਅੰਦਰ ਅਸੀਂ ਪੱਛਮ ਦਿਸ਼ਾ ਵਿਚ ਝੀਲਾਂ ਦੇ ਆਪਣੇ ਅਗਲੇ ਟਿਕਾਣੇ ਵੱਲ ਚੱਲ ਪਏ। ਮੋਟਰਸਾਈਕਲ ਹੁਣ ਸੰਘਰਸ਼ ਕਰ ਰਹੀ ਸੀ। ਜਾਪਦਾ ਸੀ ਕਿ ਇਸਦੀ ਸਮਰੱਥਾ ਤੋਂ ਜ਼ਿਆਦਾ ਵਰਤੋਂ ਹੋ ਰਹੀ ਹੈ। ਵਿਸ਼ੇਸ਼ ਤੌਰ 'ਤੇ ਇਸਦਾ ਬਾਹਰੀ ਢਾਂਚਾ ਬੁਰੀ ਹਾਲਤ ਵਿਚ ਸੀ, ਜਿਸਨੂੰ ਇਕੱਠਾ ਰੱਖਣ ਲਈ ਅਸੀਂ ਲਗਾਤਾਰ ਅਲਬਰਟੋ ਦੇ ਪਸੰਦੀਦਾ ਪੁਰਜ਼ੇ 'ਤਾਰ' ਨਾਲ ਕੋਸ਼ਿਸ਼ ਕਰ ਰਹੇ ਸਾਂ । ਮੈਨੂੰ ਨਹੀਂ ਪਤਾ ਕਿੱਥੋਂ ਪਰ ਉਸਨੇ ਕਿਤਿਓਂ ਇਹ ਟੂਕ ਚੁੱਕੀ ਹੋਈ ਸੀ ਜੋ ਉਹ 'ਆਸਕਰ ਗਾਲਵਜ਼'* ਦੇ ਨਾਂ ਨਾਲ ਜੋੜਦਾ ਸੀ, "ਜੇਕਰ ਤਾਰ ਦਾ ਇਕ ਟੁਕੜਾ ਕਿਸੇ ਪੇਚ ਦੀ ਥਾਂ ਵਰਤਿਆ ਜਾ ਸਕਦਾ ਹੈ, ਤਾਂ ਮੈਨੂੰ ਤਾਰ ਹੀ ਦਿਉ। ਕਿਉਂਕਿ ਇਹ ਸੁਰੱਖਿਅਤ ਹੈ।” ਸਾਡੇ ਲਿੱਬੜੇ ਹੱਥ ਅਤੇ ਸਾਡੀਆਂ ਗੰਦੀਆਂ ਪੈਂਟਾਂ ਪੱਕੇ ਤੌਰ 'ਤੇ ਇਸਦਾ ਸਬੂਤ ਸਨ ਕਿ ਅਸੀਂ ਘੱਟੋ ਘੱਟ ਤਾਰ ਦੇ ਮਾਮਲੇ ਵਿਚ ਤਾਂ ਗਾਲਵਜ਼ ਨਾਲ ਸਹਿਮਤ ਸੀ।
ਰਾਤ ਪੂਰੀ ਤਰ੍ਹਾਂ ਉਤਰ ਆਈ ਸੀ, ਪਰ ਅਸੀਂ ਅਜੇ ਵੀ ਕਿਸੇ ਮਨੁੱਖੀ ਵਸੇਬੇ ਤਕ ਪਹੁੰਚਣ ਦੇ ਯਤਨ ਵਿਚ ਸਾਂ। ਮੋਟਰਸਾਈਕਲ ਦੀ ਹੈੱਡਲਾਈਟ ਕੰਮ ਨਹੀਂ ਸੀ ਕਰ ਰਹੀ ਅਤੇ ਖੁੱਲ੍ਹੇ ਵਿਚ ਰਾਤ ਬਿਤਾਉਣਾ ਕੋਈ ਵਧੀਆ ਵਿਚਾਰ ਨਹੀਂ ਜਾਪਦਾ ਸੀ। ਅਸੀਂ ਹੌਲੀ-ਹੌਲੀ ਇਕ ਟਾਰਚ ਦੀ ਰੌਸ਼ਨੀ ਵਿਚ ਅੱਗੇ ਵੱਧ ਰਹੇ ਸਾਂ ਕਿ ਮੋਟਰਸਾਈਕਲ ਵਿੱਚੋਂ ਇਕ ਅਨਜਾਣੀ ਉੱਚੀ ਆਵਾਜ਼ ਆਈ, ਜਿਸ ਨੂੰ ਅਸੀਂ ਪਹਿਚਾਣ ਨਹੀਂ ਸਕੇ। ਟਾਰਚ ਦੀ ਰੋਸ਼ਨੀ ਇਸ ਆਵਾਜ਼ ਦਾ ਕਾਰਨ ਜਾਨਣ ਲਈ ਕਾਫ਼ੀ ਨਹੀਂ ਸੀ ਤੇ ਸਾਡੇ ਕੋਲ ਜਿੱਥੇ ਉਸ ਵਕਤ ਅਸੀਂ ਸਾਂ ਉੱਥੇ ਹੀ ਤੰਬੂ ਲਾ ਕੇ ਰਾਤ ਠਹਿਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਅਸੀਂ ਉੱਥੇ ਹੀ ਜਿੰਨੀ ਕੁ ਵੀ ਚੰਗੀ ਤਰ੍ਹਾਂ ਸੰਭਵ ਸੀ, ਤੰਬੂ ਲਾ ਕੇ ਉਸ ਵਿਚ ਦੁਬਕ ਗਏ। ਸਾਨੂੰ ਆਸ ਸੀ ਕਿ ਸਾਡੀ ਭੁੱਖ-ਪਿਆਸ ਸਾਨੂੰ ਸਤਾਏਗੀ ਨਹੀਂ (ਓਥੇ ਨੇੜੇ-ਤੇੜੇ ਕਿਤੇ ਪਾਣੀ ਨਹੀਂ ਸੀ ਨਾ ਹੀ ਸਾਡੇ ਕੋਲ ਮੀਟ ਸੀ) ਅਸੀਂ ਥੱਕ ਕੇ ਚੂਰ ਹੋਏ ਸੌਂ ਗਏ। ਥੋੜ੍ਹਾ ਹੀ ਸਮਾਂ ਬੀਤਿਆ ਸੀ ਕਿ ਸ਼ਾਮ ਦੀ ਸੁਖਦ ਹਵਾ ਆਤੰਕੀ ਹਨ੍ਹੇਰੀ ਬਣ ਗਈ। ਇਹ ਹਨੇਰੀ ਸਾਡਾ ਤੰਬੂ ਉਖਾੜ ਕੇ ਸਾਨੂੰ ਭਿਆਨਕ ਠੰਢ ਵਿਚ ਬੇਆਸਰਾ ਕਰ ਰਹੀ ਸੀ। ਅਸੀਂ ਮੋਟਰਸਾਈਕਲ ਟੈਲੀਫੋਨ ਦੇ ਇਕ ਖੰਡੇ ਨਾਲ ਬੰਨ੍ਹ ਕੇ ਆਪਣੇ ਤੰਬੂ ਨਾਲ ਢਕ ਦਿੱਤਾ। ਕੋਲ ਹੀ ਅਸੀਂ ਲੰਮੇ ਪੈ ਗਏ। ਇਸ ਝੱਖੜ ਨੇ ਸਾਨੂੰ ਤੰਬੂ ਦੇ ਬਿਸਤਰੇ ਦੀ ਵਰਤੋਂ ਕਰਨ ਯੋਗ ਵੀ ਨਹੀਂ ਸੀ ਛੱਡਿਆ। ਕੁੱਲ ਮਿਲਾ ਕੇ ਇਹ ਇਕ ਔਖੀ ਰਾਤ ਸੀ। ਅਸੀਂ ਆਖ਼ਰ ਠੰਢ ਤੇ ਹਵਾ ਨੂੰ ਪਛਾੜ ਕੇ ਸੌਂ ਗਏ ਅਤੇ ਸਵੇਰੇ ਨੌਂ ਵਜੇ ਉੱਠੇ ਜਦੋਂ ਸੂਰਜ ਸਾਡੇ ਸਿਰਾਂ ਤੱਕ ਚੜ੍ਹ ਆਇਆ ਸੀ।
––––––––––––––––––––
* ਆਸਕਰ ਗਾਲਵਜ਼ ਅਰਜਨਟੀਨਾ ਦਾ ਜੇਤੂ ਰੈਲੀ ਕਾਰ ਚਾਲਕ