ਦਿਨ ਦੀ ਰੌਸ਼ਨੀ ਵਿਚ ਅਸੀਂ ਜਾਣਿਆ ਕਿ ਉਹ ਅਣਸੁਖਾਵੀਂ ਆਵਾਜ਼ ਮੋਟਰਸਾਈਕਲ ਦੇ ਅਗਲੇ ਹਿੱਸੇ ਵਿੱਚੋਂ ਫਰੇਮ ਦੇ ਟੁੱਟਣ ਕਾਰਨ ਆ ਰਹੀ ਸੀ। ਸਾਨੂੰ ਹੁਣ ਇਸਨੂੰ ਓਨਾ ਕੁ ਠੀਕ ਕਰਨਾ ਹੀ ਪੈਣਾ ਸੀ, ਜਿੰਨਾ ਕੁ ਅਸੀਂ ਉਸ ਸਮੇਂ ਕਰ ਸਕਦੇ ਸਾਂ ਤੇ ਨੇੜੇ ਦੇ ਕਿਸੇ ਸ਼ਹਿਰ ਤੋਂ ਟੁੱਟੇ ਸਰੀਏ ਦੀ ਵੈਲਡਿੰਗ ਕਰਾਉਣ ਦਾ ਪ੍ਰਬੰਧ ਕਰਨਾ ਪੈਣਾ ਸੀ। ਸਾਡੀ ਦੋਸਤ 'ਤਾਰ' ਨੇ ਆਰਜ਼ੀ ਤੌਰ 'ਤੇ ਮਸਲਾ ਹੱਲ ਕਰ ਦਿੱਤਾ। ਅਸੀਂ ਸਾਰੇ ਸਮਾਨ ਨੂੰ ਸਮੇਟ ਕੇ ਬਿਨਾਂ ਇਹ ਜਾਣੇ ਹੀ ਉੱਥੋਂ ਤੁਰ ਪਏ ਕਿ ਅਗਲਾ ਵਸੇਬਾ ਏਥੋਂ ਕਿੰਨੀ ਕੁ ਦੂਰ ਹੈ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਦੂਸਰੇ ਹੀ ਮੋੜ ਤੇ ਅਸੀਂ ਇਕ ਘਰ ਦੇਖਿਆ। ਉਨ੍ਹਾਂ ਚੰਗੀ ਤਰ੍ਹਾਂ ਸਾਡਾ ਸਵਾਗਤ ਕੀਤਾ ਤੇ ਭੁੰਨੇ ਹੋਏ ਲੇਲੇ ਦੇ ਮਾਸ ਨਾਲ ਸਾਡੀ ਭੁੱਖ ਸ਼ਾਂਤ ਕੀਤੀ। ਉੱਥੋਂ ਲੈ ਕੇ ਅਸੀਂ 20 ਕਿਲੋਮੀਟਰ ਪੇਦਰਾ ਡੇਲ ਅਗਉਰਾ ਨਾਂ ਦੀ ਜਗ੍ਹਾ ਤਕ ਪੈਦਲ ਤੁਰੇ ਅਤੇ ਵੈਲਡਿੰਗ ਦਾ ਪ੍ਰਬੰਧ ਕਰ ਸਕੇ। ਤਦ ਤਕ ਬਹੁਤ ਦੇਰ ਹੋ ਜਾਣ ਕਰਕੇ ਰਾਤ ਮਿਸਤਰੀ ਦੇ ਘਰ ਹੀ ਗੁਜ਼ਾਰਨ ਦਾ ਫੈਸਲਾ ਕੀਤਾ।
ਦੋ ਵਾਰ ਹਲਕਾ ਜਿਹਾ ਡਿੱਗਣ ਤੋਂ ਬਿਨਾਂ, ਜਿਨ੍ਹਾਂ ਕਰਕੇ ਮੋਟਰਸਾਈਕਲ ਦਾ ਵਧੇਰੇ ਨੁਕਸਾਨ ਨਹੀਂ ਹੋਇਆ ਸੀ, ਅਸੀਂ ਆਰਾਮ ਨਾਲ ਸੇਂਟ ਮਾਰਟਿਨ ਡੀ ਲਾਸ ਏਂਡੀਜ਼ ਵੱਲ ਵਧਣਾ ਜਾਰੀ ਰੱਖਿਆ। ਅਸੀਂ ਲਗਭਗ ਉੱਥੇ ਪੁੱਜ ਹੀ ਚੁੱਕੇ ਸਾਂ। ਮੈਂ ਮੋਟਰਸਾਈਕਲ ਚਲਾ ਰਿਹਾ ਸੀ, ਜਦੋਂ ਅਸੀਂ ਦੱਖਣ ਵਿਚ ਪਹਿਲੀ ਵਾਰ ਇਕ ਪਥਰੀਲੇ ਮੋੜ 'ਤੇ ਬੁਲਬੁਲਿਆਂ ਵਾਲੀ ਭਾਫ਼ ਕਰਕੇ ਬੁਰੀ ਤਰ੍ਹਾਂ ਤਿਲਕੇ। ਇਸ ਵਾਰ ਲਾ ਪੋਦਰੋਸਾ ਮਾਡਲ ਦੇ ਮੋਟਰਸਾਈਕਲ ਦਾ ਢਾਂਚਾ ਏਨੀ ਬੁਰੀ ਤਰ੍ਹਾਂ ਟੁੱਟਾ ਕਿ ਸਾਨੂੰ ਰੁਕਣਾ ਪਿਆ। ਸਭ ਤੋਂ ਬੁਰੀ ਗੱਲ ਜਿਸ ਤੋਂ ਅਸੀਂ ਡਰਦੇ ਸਾਂ ਪਿਛਲਾ ਪਹੀਆ ਪੰਚਰ ਸੀ। ਇਸਨੂੰ ਠੀਕ ਕਰਨ ਲਈ ਸਾਨੂੰ ਸਾਰਾ ਸਮਾਨ ਲਾਹੁਣਾ ਪੈਣਾ ਸੀ, ਸ਼ਿਕੰਜੇ ਨਾਲ ਬੱਝੀਆਂ ਤਾਰਾਂ ਨੂੰ ਖੋਲ੍ਹਣਾ ਪੈਣਾ ਸੀ, ਤੇ ਉਸ ਤੋਂ ਬਾਅਦ ਪਹੀਆਂ ਦੇ ਢੱਕਣ ਨਾਲ ਜੂਝਣਾ ਪੈਣਾ ਸੀ । ਚਪਟੇ ਹੋਏ ਟਾਇਰਾਂ ਦੀ ਟਿਊਬ ਬਦਲਦਿਆਂ (ਮੈਂ ਮੰਨਦਾਂ ਆਲਸ ਨਾਲ) ਅਸੀਂ ਦੋ ਘੰਟੇ ਲਗਾ ਦਿੱਤੇ। ਦੇਰ ਸ਼ਾਮ ਅਸੀਂ ਇਕ ਤਬੇਲੇ ਵਿਚ ਪਹੁੰਚੇ ਜਿਸਦੇ ਮਾਲਕ ਬਹੁਤ ਨਿੱਘੇ ਜਰਮਨ ਮੇਜ਼ਬਾਨ ਸਨ। ਇੱਥੇ ਇਕ ਦੁਰਲੱਭ ਇਤਫ਼ਾਕ ਸੀ ਕਿ ਮੇਰੇ ਇਕ ਚਾਚਾ ਜੀ ਉਨ੍ਹਾਂ ਕੋਲ ਆ ਚੁੱਕੇ ਸਨ । ਮੇਰੇ ਉਹ ਚਾਚਾ ਬਹੁਤ ਪੱਕੇ ਅਤੇ ਦ੍ਰਿੜ ਯਾਤਰੀ ਸਨ ਤੇ ਮੈਂ ਉਨ੍ਹਾਂ ਦੀ ਮਿਸਾਲ ਦਾ ਅਨੁਕਰਣ ਹੁਣ ਕਰ ਰਿਹਾ ਸਾਂ। ਉਨ੍ਹਾਂ ਨੇ ਸਾਨੂੰ ਵਾੜੇ ਦੇ ਕੋਲ ਹੀ ਵਹਿੰਦੇ ਦਰਿਆ ਵਿੱਚੋਂ ਮੱਛੀਆਂ ਫੜਨ ਦਿੱਤੀਆਂ। ਅਲਬਰਟੋ ਨੇ ਆਪਣੀ ਡੋਰੀ ਵਿਛਾ ਦਿੱਤੀ ਤੇ ਇਸ ਤੋਂ ਪਹਿਲਾਂ ਕਿ ਉਹ ਜਾਣ ਸਕੇ ਕੀ ਹੋ ਰਿਹਾ ਹੈ ਉਸਨੇ ਆਪਣੀ ਕੁੰਡੀ ਵਿਚ ਸੂਰਜ ਦੀ ਰੌਸ਼ਨੀ ਵਿਚ ਕੁਝ ਚਮਕਦਾ ਦੇਖਿਆ ਤੇ ਛਾਲ ਲਗਾ ਦਿੱਤੀ। ਇਹ ਇਕ ਸਤਰੰਗੀ ਟਰੈਟ ਸੀ। ਇਕ ਖੂਬਸੂਰਤ ਅਤੇ ਸੁਆਦਲੀ ਮਛਲੀ (ਜਦੋਂ ਅਸੀਂ ਆਪਣੀ ਭੁੱਖ ਮਿਟਾਉਣ ਲਈ ਉਸਨੂੰ ਪਕਾਇਆ ਤਾਂ ਉਹ ਹੋਰ ਵੀ ਸਵਾਦਲੀ ਸੀ) ਜਦੋਂ ਮੈਂ ਉਸ ਮੱਛਲੀ ਨੂੰ ਪਕਾ ਰਿਹਾ ਸ੍ਰੀ, ਅਲਬਰਟੋ ਆਪਣੀ ਪਹਿਲੀ ਜਿੱਤ ਤੋਂ ਉਤਸ਼ਾਹਿਤ ਆਪਣੀ ਡੋਰੀ ਵਾਰ ਵਾਰ ਵਿਛਾਉਂਦਾ ਰਿਹਾ। ਘੰਟਿਆਂ ਬੱਧੀ ਕੋਸ਼ਿਸ਼ ਕਰਨ ਤੋਂ ਬਾਦ ਵੀ ਉਹ ਇਕ ਛੋਟਾ ਸ਼ਿਕਾਰ ਹਾਸਲ ਨਾ ਕਰ ਸਕਿਆ। ਉਦੋਂ ਤਕ ਹਨ੍ਹੇਰਾ ਪੈ ਗਿਆ ਸੀ ਤੇ ਸਾਨੂੰ ਆਪਣੀ ਰਾਤ ਮਜ਼ਦੂਰਾਂ ਦੀ ਰਸੋਈ ਵਿਚ ਬਿਤਾਉਣੀ ਪਈ।