ਤੱਥਾਂ ਨਾਲ ਇਕ ਦੈਵੀ ਇਤਫ਼ਾਕ ਜੋੜ ਕੇ ਹੁਣ ਮੈਂ ਜਾਣਦਾ ਹਾਂ ਕਿ ਯਾਤਰਾ ਮੇਰਾ ਮੁਕੱਦਰ ਸੀ, ਬਲਕਿ ਇਹ ਕਹਿਣਾ ਵਧੇਰੇ ਠੀਕ ਰਹੇਗਾ ਕਿ ਯਾਤਰਾ ਸਾਡੀ ਹੋਣੀ ਸੀ, ਕਿਉਂਕਿ ਮੈਂ ਤੇ ਅਲਬਰਟੋ ਇਕ ਹੀ ਸਾਂ । ਹੁਣ ਵੀ ਅਜਿਹੇ ਕਈ ਪਲ ਹਨ ਜਦੋਂ ਮੈਂ ਦੱਖਣੀ ਖੇਤਰ ਦੇ ਉਨ੍ਹਾਂ ਖੂਬਸੂਰਤ ਇਲਾਕਿਆਂ ਬਾਰੇ ਗਹਿਰਾਈ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰਦਾ ਹਾਂ। ਸ਼ਾਇਦ ਇਕ ਦਿਨ, ਮੈਂ ਦੁਨੀਆਂ ਘੁੰਮਦਾ ਥੱਕ ਜਾਵਾਂ, ਮੈਂ ਅਰਜਨਟੀਨਾ ਵਾਪਸ ਪਰਤਾਂਗਾ ਅਤੇ ਐਡੀਅਨ ਝੀਲਾਂ ਕੋਲ ਵਸ ਜਾਵਾਂਗਾ। ਜੇਕਰ ਪੱਕੀ ਤਰ੍ਹਾਂ ਨਹੀਂ ਤਾਂ ਇਕ ਵਕਫ਼ੇ ਲਈ ਜਿਸ ਵਿਚ ਮੈਂ ਦੁਨੀਆਂ ਬਾਰੇ ਇਕ ਸਮਝ ਤੋਂ ਦੂਸਰੀ ਵਿਚ ਤਬਦੀਲ ਹੋ ਰਿਹਾ ਹੋਵਾਂ।
ਅਸੀਂ ਘੁਸਮੁਸੇ ਵੇਲੇ ਪਿੱਛੇ ਮੁੜੇ ਅਤੇ ਜਦੋਂ ਅਸੀਂ ਪੁੱਜੇ ਹਨੇਰਾ ਹੋ ਰਿਹਾ ਸੀ। ਸਾਨੂੰ ਹੈਰਾਨੀ ਭਰੀ ਖੁਸ਼ੀ ਹੋਈ ਜਦੋਂ ਅਸੀਂ ਚੌਕੀਦਾਰ ਡਾਨ ਪੇਡਰੋ ਓਲੇਟ ਨੂੰ ਬਾਰਬੇਕਿਊ ਤਿਆਰ ਕਰਦਿਆਂ ਦੇਖਿਆ। ਅਸੀਂ ਆਪਣੇ ਪੁਰਾਣੇ ਰੂਪ ਵਿਚ ਵਾਪਸੀ ਲਈ ਸ਼ਰਾਬ ਲਿਆਂਦੀ ਤੇ ਕਿਸਮਤ ਨਾਲ ਮਿਲੇ ਭੋਜਨ ਨੂੰ ਸ਼ੇਰਾਂ ਵਾਂਗ ਖਾਧਾ। ਅਸੀਂ ਚਰਚਾ ਕਰ ਰਹੇ ਸਾਂ ਕਿ ਮੀਟ ਕਿੰਨਾ ਸੁਆਦਲਾ ਬਣਿਆ ਸੀ ਅਤੇ ਅਸੀਂ ਕਿੰਨੀ ਛੇਤੀ ਭੋਜਨ ਉੱਪਰ ਫਜ਼ੂਲ ਖਰਚੀ ਕਰਨ ਦੇ ਯੋਗ ਨਹੀਂ ਰਹਾਂਗੇ, ਜਿਸ ਤਰ੍ਹਾਂ ਅਰਜਨਟੀਨਾ ਵਿਚ ਕੀਤੀ ਸੀ। ਉਦੋਂ ਡਾਨ ਪੇਡਰੋ ਨੇ ਸਾਨੂੰ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਇਕ ਮੋਟਰ ਰੇਸ ਦੇ ਡਰਾਇਵਰਾਂ ਲਈ ਉਸਨੂੰ ਅਜਿਹਾ ਹੀ ਬਾਰਬੇਕਿਊ ਤਿਆਰ ਕਰਨ ਲਈ ਕਿਹਾ ਗਿਆ ਹੈ। ਉਸਨੂੰ ਦੋ ਸਹਾਇਕਾਂ ਦੀ ਲੋੜ ਸੀ ਤੇ ਉਸਨੇ ਇਸ ਕੰਮ ਲਈ ਸਾਨੂੰ ਪੇਸ਼ਕਸ਼ ਦਿੱਤੀ। "ਯਾਦ ਰੱਖੋ ਮੈਂ ਤੁਹਾਨੂੰ ਭੁਗਤਾਨ ਨਹੀਂ ਕਰ ਸਕਦਾ, ਪਰ ਤੁਸੀਂ ਆਪਣੇ ਅਗਲੇ ਸਫ਼ਰ ਲਈ ਕਾਫ਼ੀ ਮਾਸ ਜਮ੍ਹਾਂ ਕਰ ਸਕਦੇ ਹੋ।"
ਇਹ ਚੰਗਾ ਲਗਦਾ ਵਿਚਾਰ ਸੀ । ਅਸੀਂ ਕੰਮ ਦੀ ਉਹ ਪੇਸ਼ਕਸ਼ ਸਵੀਕਾਰ ਕਰ ਲਈ ਤੇ 'ਅਰਜਨਟੀਨੀ ਬਾਰਬੇਕਿਊ ਦੇ ਦਾਦੇ' ਦੇ ਪਹਿਲਾ ਅਤੇ ਦੂਜਾ ਸਹਾਇਕ ਬਣ ਗਏ ।
ਦੋਵੇਂ ਸਹਾਇਕਾਂ ਨੇ ਇਕ ਧਾਰਮਿਕ ਜਿਹੇ ਉਤਸ਼ਾਹ ਨਾਲ ਆਉਣ ਵਾਲੇ ਐਤਵਾਰ ਦੀ ਉਡੀਕ ਕੀਤੀ। ਉਸ ਦਿਨ ਸਵੇਰੇ ਛੇ ਵਜੇ, ਅਸੀਂ ਆਪਣਾ ਕੰਮ ਆਰੰਭ ਕੀਤਾ। ਇਕ ਟਰੱਕ ਵਿਚ ਲੱਕੜਾਂ ਲੱਦੀਆਂ ਤੇ ਇਨ੍ਹਾਂ ਨੂੰ ਬਾਰਬੇਕਿਊ ਵਾਲੇ ਸਥਾਨ 'ਤੇ ਲੈ ਗਏ। ਸਵੇਰੇ 11 ਵਜੇ ਤਕ ਅਸੀਂ ਲਗਾਤਾਰ ਕੰਮ ਕਰਦੇ ਰਹੇ ਜਦੋਂ ਤਕ ਕਿ ਛੁੱਟੀ ਦਾ ਸਿਗਨਲ ਨਹੀਂ ਹੋ ਗਿਆ ਅਤੇ ਹਰ ਕੋਈ ਹਾਬੜਿਆਂ ਵਾਂਗ ਸੁਆਦਲੀਆਂ ਹੱਡੀਆਂ ਵੱਲ ਵਧਣ ਲਈ ਧੱਕਾ-ਮੁੱਕੀ ਨਹੀਂ ਕਰਨ ਲੱਗ ਪਿਆ।
ਇਕ ਬਹੁਤ ਅਜੀਬ ਵਿਅਕਤੀ ਸਾਨੂੰ ਆਦੇਸ਼ ਦੇ ਰਿਹਾ ਸੀ ਜਿਸਨੂੰ ਮੈਂ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਹੋਏ ਹਰ ਵਾਰ 'ਸ੍ਰੀਮਾਨ' ਸ਼ਬਦ ਨਾਲ ਸੰਬੋਧਿਤ ਹੋ ਰਿਹਾ ਸਾਂ।