ਡੂੰਘੇ ਚਿੱਕੜ ਵਿਚ ਪਹਾੜੀ ਟ੍ਰੇਨਿੰਗ ਦੇ ਇਸ ਨਮੂਨੇ ਨਾਲ ਅਸੀਂ ਜਾਣ ਲਿਆ ਸੀ ਕਿ ਵਹਾਅ ਕੈਰੂਈ ਝੀਲ ਵੱਲ ਜਾਂਦਾ ਹੈ । ਠੀਕ ਉਸੇ ਸਮੇਂ ਰੁੱਖ-ਬੂਟੇ ਗਾਇਬ ਹੋ ਗਏ ਤੇ ਅਸੀਂ ਪੱਧਰੀ ਜ਼ਮੀਨ 'ਤੇ ਪੁੱਜ ਗਏ ਸਾਂ । ਵਹਾਅ ਦੇ ਨਾਲ-ਨਾਲ ਇਕ ਹਿਰਨ ਦੇ ਵੱਡੇ ਆਕਾਰ ਤੇ ਥਿੜਕੀਆਂ ਤੇਜ਼ ਸਾਹਾਂ ਦੇ ਨਾਲ ਉਸਦਾ ਜਿਸਮ ਚੰਨ ਦੀ ਦੁਧੀਆ ਚਾਨਣੀ ਵਿਚ ਦਿਖਾਈ ਦਿੱਤਾ ਤੇ ਹੌਲੀ ਜਿਹੀ ਝਾੜੀਆਂ ਵਿਚ ਅਲੋਪ ਹੋ ਗਿਆ । ਕੁਦਰਤ ਦੇ ਇਹ ਸੰਕੇਤ ਸਾਡੇ ਦਿਲਾਂ ਨੂੰ ਕੰਬਾ ਰਹੇ ਸਨ । ਅਸੀਂ ਜੰਗਲੀ ਖੇਤਰ ਦੀ ਸ਼ਾਂਤੀ ਭੰਗ ਹੋਣ ਦੇ ਡਰੋਂ ਹੌਲੀ-ਹੌਲੀ ਤੁਰ ਰਹੇ ਸਾਂ ਤੇ ਇਸ ਖੇਤਰ ਨਾਲ ਸਾਡਾ ਸਾਥ ਹੁਣ ਜੁੜ ਰਿਹਾ ਸੀ।
ਅਸੀਂ ਗੋਡੇ-ਗੋਡੇ ਪਾਣੀ ਦੀ ਠੰਢੀ ਧਾਰਾ ਵਿਚ ਉਤਰ ਗਏ। ਇਸਦੇ ਛੂਹਣ ਨਾਲ ਹੀ ਮੈਨੂੰ ਉਨ੍ਹਾਂ ਬਰਫ਼ੀਲੀਆਂ ਉਂਗਲਾਂ ਦਾ ਤੀਬਰ ਅਹਿਸਾਸ ਫਿਰ ਹੋਇਆ, ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ। ਅਸੀਂ ਰਖਵਾਲੇ ਦੇ ਕਮਰੇ ਦੀ ਪਨਾਹ ਵਿਚ ਪਹੁੰਚ ਗਏ। ਉਹ ਏਨਾ ਦਿਆਲੂ ਸੀ ਕਿ ਉਸਨੇ ਸਾਨੂੰ ਗਰਮ ਮੇਟ ਪੇਸ਼ ਕੀਤੀ, ਤੇ ਭੇਡ ਦੀਆਂ ਖੱਲਾਂ ਦਿੱਤੀਆਂ ਜਿਨ੍ਹਾਂ ਵਿਚ ਅਸੀਂ ਅਗਲੀ ਸਵੇਰ ਤਕ ਸੌਂ ਸਕਦੇ ਸਾਂ । ਉਸ ਸਮੇਂ ਰਾਤ ਦੇ 12:35 ਹੋ ਚੁੱਕੇ ਸਨ।
ਅਸੀਂ ਹੌਲੀ-ਹੌਲੀ ਦੁਬਾਰਾ ਚੱਲ ਪਏ। ਝੀਲਾਂ ਕੋਲੋਂ ਦੀ ਲੰਘਦਿਆਂ ਕੈਰੂਈ ਦੇ ਮੁਕਾਬਲੇ ਦੁੱਗਣੀ ਖੂਬਸੂਰਤੀ ਦਾ ਅਹਿਸਾਸ ਹੋਇਆ। ਆਖ਼ਿਰਕਾਰ ਅਸੀਂ ਸੇਨ ਮਾਰਟਿਨ ਪੁੱਜ ਗਏ। ਜਿੱਥੇ ਡਾਨ ਪੈਂਡਨ ਨੇ ਸਾਨੂੰ ਬਾਰਬੇਕਿਊ ਵਿਚ ਕੰਮ ਕਰਨ ਬਦਲੇ 10-10 ਪੇਸੋ ਦਿੱਤੇ। ਉਸ ਤੋਂ ਬਾਦ ਅਸੀਂ ਦੱਖਣ ਵੱਲ ਅਗਾਂਹ ਵੱਧ ਗਏ।
-0-