Back ArrowLogo
Info
Profile

ਪਿਆਰੀ ਮਾਂ

ਜਨਵਰੀ 1952

ਬਾਰੀਲੋਚੇ ਦੇ ਰਸਤੇ ਵਿਚ

 

ਪਿਆਰੀ ਮਾਂ

ਜਿਸ ਤਰ੍ਹਾਂ ਤੈਨੂੰ ਮੇਰੇ ਵੱਲੋਂ ਕੋਈ ਸੂਚਨਾ ਨਹੀਂ ਮਿਲੀ, ਠੀਕ ਉਵੇਂ ਹੀ ਮੈਨੂੰ ਵੀ ਲੰਬੇ ਸਮੇਂ ਤੋਂ ਤੇਰੀ ਕੋਈ ਖ਼ਬਰ ਨਹੀਂ। ਮੈਂ ਚਿੰਤਤ ਹਾਂ । ਸਾਡੇ ਨਾਲ ਜੋ ਕੁਝ ਵੀ ਵਾਪਰਿਆ ਉਹ ਤੈਨੂੰ ਦੱਸਣਾ ਇਨ੍ਹਾਂ ਕੁਝ ਸਤਰਾਂ ਦਾ ਉਦੇਸ਼ ਨਹੀਂ। ਮੈਂ ਕੇਵਲ ਇਹੀ ਕਹਿਣਾ ਹੈ ਕਿ ਬਾਹੀਆਂ ਬਲਾਂਕਾ ਤੋਂ ਤੁਰਨ ਦੇ ਦੋ ਦਿਨਾਂ ਬਾਦ ਮੈਂ 40 ਡਿਗਰੀ ਬੁਖਾਰ ਦਾ ਸ਼ਿਕਾਰ ਹੋ ਗਿਆ ਸਾਂ ਤੇ ਇਕ ਦਿਨ ਮੰਜੇ ਤੇ ਪਿਆ ਰਿਹਾ। ਅਗਲੀ ਸਵੇਰ ਮੈਂ ਚੋਲੇ-ਚੋਲ ਦੇ ਖੇਤਰੀ ਹਸਪਤਾਲ ਤਕ ਜਾਣ ਲਈ ਹੀ ਉੱਠ ਸਕਿਆ। ਉੱਥੇ ਮੈਨੂੰ ਜਾਣੀ ਪਛਾਣੀ ਦਵਾਈ ਪੈਂਸਲੀਨ ਦੀ ਖੁਰਾਕ ਦਿੱਤੀ ਗਈ ਤੇ ਮੈਂ ਚਾਰ ਦਿਨਾਂ ਬਾਦ ਠੀਕ ਹੋਇਆ।

ਅਸੀਂ ਸੇਨ ਮਾਰਟਿਨ ਡੀ ਲਾਸ ਏਂਡੀਜ਼ ਪੁੱਜੇ, ਸਾਰੀ ਵਾਟ ਚਿੰਬੜੀਆਂ ਰਹੀਆਂ ਹਜ਼ਾਰਾਂ ਮੁਸ਼ਕਿਲਾਂ ਨੂੰ ਆਪਣੇ ਪ੍ਰਾਪਤ ਸਾਧਨਾਂ ਨਾਲ ਸੁਲਝਾਉਂਦੇ ਹੋਏ। ਇੱਥੇ ਬਹੁਤ ਹੀ ਖੂਬਸੂਰਤ ਝੀਲ ਤੇ ਖ਼ੂਬਸੂਰਤ ਅਛੋਹ ਜੰਗਲ ਹੈ। ਤੂੰ ਇਸਨੂੰ ਜ਼ਰੂਰ ਦੇਖੀਂ। ਮੈਨੂੰ ਪੱਕ ਹੈ ਤੈਨੂੰ ਵਧੀਆ ਲੱਗੇਗਾ। ਸਾਡੇ ਚਿਹਰੇ ਕੋਲਿਆਂ ਵਾਲੀ ਭੱਠੀ ਨਾਲ ਮਿਲਣ ਲੱਗ ਪਏ ਹਨ। ਅਸੀਂ ਜਿਸ ਘਰ ਵਿਚ ਵੀ ਗਏ, ਉੱਥੇ ਬਗੀਚਾ ਤਾਂ ਜ਼ਰੂਰ ਹੁੰਦਾ ਸੀ । ਅਸੀਂ ਭੋਜਨ, ਸਮਾਨ ਤੇ ਹੋਰ ਸਹੂਲਤਾਂ ਪੇਸ਼ ਕਰਨ ਵਾਲੇ ਦੀ ਤਲਾਸ਼ ਕਰਦੇ। ਸਾਡੀ ਖੋਜ ਦਾ ਅੰਤ ਵੋਨ ਪੁੱਟਨੇਮਰਸ ਦੇ ਤਬੇਲੇ ਵਿਚ ਹੋਇਆ। ਉਹ ਵਿਸ਼ੇਸ਼ ਤੌਰ 'ਤੇ ਹਮੇਸ਼ਾ ਸ਼ਰਾਬੀ ਰਹਿਣ ਵਾਲਾ ਤੇ ਸਭ ਤੋਂ ਚੰਗਾ ਪੇਰੋਨਵਾਦੀ ਜੋਰਗ ਦਾ ਮਿੱਤਰ ਸੀ। ਮੈਂ ਉੱਥੇ ਖੋਪੜੀ ਦੇ ਪਿਛਲੇ ਹਿੱਸੇ ਵਿਚ ਇਕ ਗਿਲਟੀ ਦੀ ਜਾਂਚ ਕੀਤੀ ਜੋ ਸੰਭਾਵੀ ਤੌਰ 'ਤੇ ਕੈਂਸਰ ਮੂਲ ਦੀ ਲਗਦੀ ਸੀ । ਸਾਨੂੰ ਇਹ ਦੇਖਣ ਲਈ ਇਤਜ਼ਾਰ ਕਰਨਾ ਪਵੇਗਾ ਕਿ ਕੀ ਵਾਪਰਦਾ ਹੈ। ਅਸੀਂ ਅਗਲੇ ਦੋ ਤਿੰਨ ਦਿਨਾਂ ਬਾਦ ਬਾਰੀਲੋਚੇ ਲਈ ਨਿਕਲਾਂਗੇ ਤੇ ਇਕ ਅਰਾਮਦਾਇਕ ਗਤੀ ਨਾਲ ਯਾਤਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਇਹ ਖ਼ਤ 10 ਜਾਂ 12 ਫਰਵਰੀ ਤੱਕ ਤੁਹਾਨੂੰ ਮਿਲ ਜਾਵੇ ਤਾਂ ਇਸ ਵਿਚ ਲਿਖੇ ਪਤੇ 'ਤੇ ਮੈਨੂੰ ਪੱਤਰ ਭੇਜ ਦੇਣਾ। ਮਾਂ, ਮੈਂ ਇਸ ਖ਼ਤ ਦਾ ਅਗਲਾ ਸਫਾ ਚਿਚਾਈਨਾਂ ਲਈ ਲਿਖ ਰਿਹਾ ਹਾਂ । ਸਭ ਨੂੰ ਢੇਰ ਸਾਰਾ ਪਿਆਰ ਦੇਈਂ ਅਤੇ ਪੱਕੇ ਤੌਰ 'ਤੇ ਮੈਨੂੰ ਦੱਸੀਂ ਕਿ ਪਿਤਾ ਜੀ ਦੱਖਣ ਵਿਚ ਗਏ ਹਨ ਕਿ ਨਹੀਂ ! ਤੇਰੇ ਪੁੱਤਰ ਵੱਲੋਂ ਪਿਆਰ ਘੁੱਟਣੀ।

 

 

-0-

26 / 147
Previous
Next