ਸਮੁੰਦਰ ਦੀ ਭਾਲ
ਸਮੁੰਦਰ ਦੇ ਸਾਮ੍ਹਣੇ ਪੁੰਨਿਆਂ ਦਾ ਚੰਨ ਚਾਂਦੀ ਰੰਗੇ ਪ੍ਰਤੀਬਿੰਬਾਂ ਦੀਆਂ ਚਮਕੀਲੀਆਂ ਲਹਿਰਾਂ ਪੈਦਾ ਕਰਦਾ ਚਮਕ ਰਿਹਾ ਸੀ । ਅਸੀਂ ਆਪਣੇ-ਆਪਣੇ ਖਿਆਲਾਂ ਦੀ ਗਹਿਰਾਈ ਵਿਚ ਗਵਾਚੇ ਰੇਤਲੇ ਕਿਨਾਰੇ 'ਤੇ ਬੈਠੇ ਇਸ ਦੇ ਜਵਾਰਭਾਟੇ ਨੂੰ ਨਿਹਾਰ ਰਹੇ ਸਾਂ। ਮੇਰੇ ਲਈ ਸਮੁੰਦਰ ਸਦਾ ਤੋਂ ਹੀ ਹੌਸਲਾ ਦੇਣ ਵਾਲੇ ਪਿਆਰੇ ਮਿੱਤਰ ਵਾਂਗ ਰਿਹਾ ਹੈ। ਗੁੱਝੇ ਭੇਦਾਂ ਨੂੰ ਸੀਨੇ ਅੰਦਰ ਸਮੋ ਲੈਣ ਤੇ ਕਦੇ ਪ੍ਰਗਟ ਨਾ ਕਰਨ ਵਾਲਾ ਦੋਸਤ, ਹਮੇਸ਼ਾ ਸੱਚੀ ਸਲਾਹ ਦੇਣ ਵਾਲਾ, ਜਿਸਦੀਆਂ ਭਾਵਪੂਰਤ ਅਵਾਜ਼ਾਂ ਦੀ ਜਿਵੇਂ ਚਾਹੋ ਉਵੇਂ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਲਬਰਟੋ ਲਈ ਇਹ ਨਵਾਂ ਹੈਰਾਨੀਜਨਕ ਦ੍ਰਿਸ਼ ਸੀ। ਉਸਦੀਆਂ ਗਹਿਰੀਆਂ ਤੇ ਬੈਚੇਨ ਅੱਖਾਂ ਬੜੇ ਅਹਿਸਾਨ ਨਾਲ ਹਰ ਲਹਿਰ ਨੂੰ ਪੈਦਾ ਹੁੰਦਿਆਂ, ਉਭਰਦਿਆਂ ਤੇ ਸਾਹਿਲ 'ਤੇ ਆ ਕੇ ਮਰਦਿਆਂ ਦੇਖ ਰਹੀਆਂ ਸਨ। ਤੀਹਾਂ ਦੇ ਕਰੀਬ ਅਲਬਰਟੋ ਪਹਿਲੀ ਵਾਰ ਅਟਲਾਂਟਿਕ ਮਹਾਂਸਾਗਰ ਨੂੰ ਦੇਖ ਰਿਹਾ ਸੀ ਤੇ ਆਪਣੀ ਇਸ ਖੋਜ 'ਤੇ ਮਾਣਮੱਤਾ ਮਹਿਸੂਸ ਕਰ ਰਿਹਾ ਸੀ, ਜਿਹੜੀ ਇਸ ਗੱਲ ਨੂੰ ਚਿਹਨਤ ਕਰਦੀ ਸੀ ਕਿ ਹਰ ਪਾਸੇ ਤੋਂ ਆਉਂਦੇ ਕਈ ਰਸਤਿਆਂ ਦੀ ਮੰਜ਼ਿਲ ਧਰਤੀ ਹੀ ਹੈ। ਤਾਜ਼ਾ ਹਵਾਵਾਂ ਮਨ ਨੂੰ ਸਮੁੰਦਰ ਦੇ ਮਿਜ਼ਾਜ ਅਤੇ ਤਾਕਤ ਦੇ ਅਹਿਸਾਸ ਨਾਲ ਭਰ ਰਹੀਆਂ ਹਨ, ਇਨ੍ਹਾਂ ਦੀ ਛੋਹ ਨਾਲ ਹਰ ਚੀਜ਼ ਰੂਪਾਂਤਰਿਤ ਹੋ ਜਾਂਦੀ ਹੈ । ਇੱਥੋਂ ਤੱਕ ਕਿ ਕਮਬੈਕ* ਨੂੰ ਵੀ, ਜਿਸ ਦੀ ਵਿਗੀ ਜਿਹੀ ਨਿੱਕੀ ਥੂਥਨ ਹਿੱਲਦੀ ਅਤੇ ਇਕ ਪਲ ਵਿਚ ਕਈ ਵਾਰ ਉਸਦੇ ਚਮਕੀਲੇ ਫੀਤਿਆਂ ਨੂੰ ਹਿਲਾ ਦਿੰਦੀ।
ਕਮਬੈਕ ਇਕ ਰਖਵਾਲਾ ਵੀ ਹੈ ਤੇ ਇਕ ਪ੍ਰਤੀਕ ਵੀ। ਮੇਰੇ ਵਾਪਸ ਆ ਕੇ ਪੁਨਰਮਿਲਾਪ ਦੀ ਇੱਛਾ ਦਾ ਪ੍ਰਤੀਕ, ਤੇ ਆਪਣੀ ਮਾੜੀ ਕਿਸਮਤ ਦਾ ਰਖਵਾਲਾ ਜੋ ਮੋਟਰਸਾਈਕਲ ਤੋਂ ਦੋ ਵਾਰ ਡਿੱਗਿਆ । (ਇਕ ਵਾਰ ਤਾਂ ਆਪਣੇ ਬੈਗ ਸਮੇਤ ਪਿੱਛਿਓਂ ਉੱਡ ਹੀ ਗਿਆ) ਦੂਜੀ ਵਾਰ ਜਦ ਉਸ ਨੂੰ ਦਸਤ ਲੱਗੇ ਹੋਏ ਸਨ ਤੇ ਉਹ ਇਕ ਘੋੜੇ ਵੱਲੋਂ ਲਗਭਗ ਕੁਚਲ ਹੀ ਦਿੱਤਾ ਗਿਆ ਸੀ।
ਅਸੀਂ ਮਾਰ ਡੇਲ ਪਲਾਟਾ ਦੇ ਉੱਤਰ ਵਿਚ ਗਾਸੇਲ ਵਿਲਾ ਵਿਚ ਹਾਂ। ਮੇਰੇ ਚਾਚੇ ਦੇ ਘਰ ਆਪਣੇ ਪਹਿਲੇ 1200 ਕਿਲੋਮੀਟਰ ਦੇ ਸਫ਼ਰ ਦੀ ਥਕਾਵਟ ਲਾਹੁੰਦਿਆਂ ਤੇ ਉਸਦੀ ਪ੍ਰਾਹੁਣਚਾਰੀ ਦਾ ਅਨੰਦ ਮਾਣਦਿਆਂ। ਭਾਵੇਂ ਇਹ ਸਫ਼ਰ ਸੁਖਾਲਾ ਹੀ ਰਿਹਾ ਪਰ
––––––––––––––––––––––––
ਨਿੱਕੇ ਜਿਹੇ ਕੁੱਤੇ ਨੂੰ ਅਰਨੈਸਟੋ ਚੀ ਗੁਵੇਰਾ ਵਲੋਂ ਦਿੱਤਾ ਅੰਗਰੇਜ਼ੀ ਨਾਂ, ਜਿਸਨੂੰ ਉਹ ਮਿਰਾਮਾਰ ਵਿਚ ਛੁੱਟੀਆਂ ਬਿਤਾ ਰਹੀ ਆਪਣੀ ਸਹੇਲੀ ਚਿਚਾਈਨਾ ਲਈ ਲਿਆਇਆ ਸੀ।