Back ArrowLogo
Info
Profile

ਸਿੱਧੇ ਕੁਜ਼ਕੋ

ਜੇਕਰ ਧਰਤੀ ਉੱਪਰੋਂ ਹਰ ਉਹ ਚੀਜ਼ ਮਿਟਾ ਦਿੱਤੀ ਜਾਵੇ, ਜਿਸ ਨਾਲ ਕੁਜ਼ਕੋ ਦਾ ਨਿਰਮਾਣ ਹੋਇਆ ਤੇ ਇਸਦੀ ਜਗ੍ਹਾ ਇਤਿਹਾਸ ਮੁਕਤ ਇਕ ਛੋਟਾ ਪਿੰਡ ਵਿਕਸਿਤ ਹੋ ਜਾਵੇ, ਤਾਂ ਵੀ ਉਸ ਕੋਲ ਇਸ ਸਭਿਅਤਾ ਬਾਰੇ ਕਹਿਣ ਨੂੰ ਬਹੁਤ ਕੁਝ ਹੋਵੇਗਾ, ਜਿਸ ਤਰ੍ਹਾਂ ਅਸੀਂ ਕਾਕਟੇਲ ਨੂੰ ਮਿਲਾਉਂਦੇ ਸਮੇਂ ਆਪਣੇ ਸਾਰੇ ਪ੍ਰਭਾਵਾਂ ਨੂੰ ਮਿਸ਼ਰਤ ਕਰ ਲੈਂਦੇ ਹਾਂ। ਦੋ ਹਫਤਿਆਂ ਦੇ ਸਾਡੇ ਉਸ ਜੀਵਨ ਖੰਡ ਵਿੱਚੋਂ ਸਾਡੀ ਸਾਰੀ ਯਾਤਰਾ ਦਾ ਕੇਂਦਰੀ ਨੁਕਤਾ ਘੁਮੱਕੜੀ ਹੀ ਸੀ। ਡਾ. ਹਰਮੋਸਾ ਲਈ ਸਾਨੂੰ ਦਿੱਤਾ ਗਿਆ ਤੁਆਰਫ਼ੀ-ਖ਼ਤ ਬੇਹੱਦ ਲਾਭਕਾਰੀ ਸਾਬਿਤ ਹੋਇਆ। ਪਰ ਸੱਚ ਇਹ ਹੈ ਕਿ ਉਹ ਉਸ ਤਰ੍ਹਾਂ ਦਾ ਬੰਦਾ ਬਿਲਕੁਲ ਵੀ ਨਹੀਂ ਸੀ ਜਿਸ ਤੱਕ ਪੁੱਜਣ ਲਈ ਸਾਨੂੰ ਕਿਸੇ ਰਸਮੀ ਪੱਤਰ ਦੀ ਲੋੜ ਪੈਂਦੀ। ਉਸ ਲਈ ਇਹ ਜਾਣ ਲੈਣਾ ਹੀ ਕਾਫ਼ੀ ਸੀ ਕਿ ਅਲਬਰਟੋ ਨੇ ਅਮਰੀਕਾ ਦੇ ਸਭ ਤੋਂ ਕਾਬਿਲ ਕੋਹੜ-ਰੋਗ ਮਾਹਿਰ ਡਾਕਟਰ ਫਰਨਾਂਡੀਜ਼ ਨਾਲ ਕੰਮ ਕੀਤਾ ਸੀ। ਅਲਬਰਟੋ ਵੀ ਆਪਣੀ ਜਾਣੀ-ਪਛਾਣੀ ਮੁਹਾਰਤ ਨਾਲ ਇਸ ਪਛਾਣ ਦਾ ਲਾਹਾ ਲੈਣਾ ਚਾਹੁੰਦਾ ਸੀ । ਡਾ. ਹਰਮੋਸਾ ਨਾਲ ਹੋਈ ਖੁੱਲ੍ਹੀ ਚਰਚਾ ਨੇ ਸਾਨੂੰ ਪੇਰੂ ਦੀ ਜ਼ਿੰਦਗੀ ਬਾਰੇ ਜਾਨਣ ਦਾ ਮੋਟਾ-ਮੋਟਾ ਮੌਕਾ ਦਿੱਤਾ ਤੇ ਨਾਲ ਹੀ ਇਹ ਮੌਕਾ ਵੀ ਮਿਲਿਆ ਕਿ ਅਸੀਂ ਉਸਦੀ ਕਾਰ ਵਿਚ ਇਕਾਵਾਂ ਦੀ ਵਾਦੀ ਦੇ ਦੁਆਲੇ ਘੁੰਮ ਸਕੀਏ । ਉਹ ਸਾਡੇ ਲਈ ਬਹੁਤ ਦਿਆਲੂ ਸੀ ਤੇ ਉਸਨੇ ਸਾਨੂੰ ਮਾਚੂ-ਪੀਚੂ ਲਈ ਰੇਲ ਦੀਆਂ ਟਿਕਟਾਂ ਖਰੀਦ ਕੇ ਦਿੱਤੀਆਂ ਸਨ।

ਖੇਤਰੀ ਰੇਲ ਗੱਡੀਆਂ ਦੀ ਔਸਤ ਰਫਤਾਰ 10 ਤੋਂ 20 ਕਿਲੋਮੀਟਰ ਪ੍ਰਤਿ ਘੰਟਾ ਹੈ। ਗੱਡੀਆਂ ਦੀ ਇਹ ਭੈੜੀ ਸਥਿਤੀ ਇਸ ਇਲਾਕੇ ਦੀ ਚੜ੍ਹਾਈ ਤੇ ਉਤਰਾਈ ਕਾਰਨ ਪੈਦਾ ਹੁੰਦੀ ਹੈ। ਗੱਡੀ ਜਦੋਂ ਹੀ ਕਿਸੇ ਸ਼ਹਿਰ ਨੂੰ ਛੱਡਦੀ ਹੈ ਉਸ ਨੂੰ ਇਕ ਬਹੁਤ ਹੀ ਔਖੀ ਚੜ੍ਹਾਈ ਨੂੰ ਸਰ ਕਰਨਾ ਪੈਂਦਾ ਹੈ। ਰੇਲ ਮਾਰਗ ਦੀ ਬਣਤਰ ਹੀ ਐਸੀ ਹੈ ਕਿ ਗੱਡੀ ਕੁਝ ਪਲ ਤੇਜ਼ ਚੱਲਦੀ ਹੈ ਤੇ ਫਿਰ ਅਚਾਨਕ ਹੀ ਕੋਈ ਚੜ੍ਹਾਈ ਆ ਜਾਂਦੀ ਹੈ ਤੇ ਰਫ਼ਤਾਰ ਹੌਲੀ ਹੋ ਜਾਂਦੀ ਹੈ। ਇਸ ਉਤਰਾਈ ਚੜ੍ਹਾਈ ਨਾਲ ਜੂਝਦਿਆਂ ਅਸੀਂ ਇਕ ਸਿਖਰ 'ਤੇ ਪਹੁੰਚਦੇ ਹਾਂ। ਇੱਥੇ ਹੀ ਵਿਲਕਾਨੋਟਾ ਨਦੀ ਦਾ ਆਰੰਭ ਬਿੰਦੂ ਹੈ। ਇਸ ਯਾਤਰਾ ਦੌਰਾਨ ਸਾਡਾ ਮੇਲ ਚਿੱਲੀ ਦੇ ਇਕ ਠੱਗ ਜੋੜੇ ਨਾਲ ਹੋਇਆ ਜੋ ਜੜ੍ਹੀ-ਬੂਟੀਆਂ ਵੇਚਦੇ ਅਤੇ ਭਵਿੱਖ ਦੱਸਦੇ ਸਨ। ਉਹ ਸਾਡੇ ਨਾਲ ਬਹੁਤ ਹੀ ਦੋਸਤਾਨਾ ਸਨ। ਉਨ੍ਹਾਂ ਨੇ ਸਾਡੇ ਨਾਲ ਆਪਣਾ ਭੋਜਨ ਵੰਡਿਆ ਜਦੋਂ ਅਸੀਂ ਉਨ੍ਹਾਂ ਨੂੰ ਮੇਟ ਪੀਣ ਲਈ ਸੱਦਾ ਦਿੱਤਾ। ਪੱਧਰੇ ਮੈਦਾਨ ਵਿਚ ਪੁੱਜਣ ਤੋਂ ਬਾਦ ਸਾਡੀ ਮੁਲਾਕਾਤ ਕੁਝ ਫੁੱਟਬਾਲ ਖਿਡਾਰੀਆਂ ਨਾਲ ਹੋਈ ਜਿਨ੍ਹਾਂ ਸਾਨੂੰ ਖੇਡਣ ਲਈ ਬੁਲਾਇਆ। ਮੇਰੇ ਕੋਲ ਗੇਂਦ ਨੂੰ ਬੋਚਣ ਦੀ ਆਪਣੀ ਕਲਾ ਦਿਖਾਉਣ ਦਾ ਮੌਕਾ ਸੀ।

97 / 147
Previous
Next