ਬਦੇਸ਼ੀ ਪੁਰਾਤਵ-ਖੋਜੀਆਂ ਸਭ ਦੀ ਦਿਲਚਸਪੀ ਖ਼ਜ਼ਾਨੇ ਦੀ ਲੁੱਟ ਵਿਚ ਹੀ ਸੀ। ਇਹ ਲੋਕ ਬੜੇ ਤਰੀਕੇ ਨਾਲ ਇਸ ਖੇਤਰ ਨੂੰ ਲੁੱਟ ਚੁੱਕੇ ਸਨ । ਹੁਣ ਉਹੀ ਕੁਝ ਅਜਾਇਬ ਘਰ ਲਈ ਰੱਖਿਆ ਗਿਆ ਜੋ ਬਚਿਆ ਸੀ। ਸਾਡੇ ਵਰਗੇ ਲੋਕਾਂ
, ਜਿਹੜੇ ਇਕਾ ਸਭਿਅਤਾ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਤੇ ਜਿਨ੍ਹਾਂ ਕੋਲ ਇਕੱਠੀ ਕੀਤੀ ਤਾਜ਼ਾ ਤੇ ਅਧੂਰੀ ਜਾਣਕਾਰੀ ਹੈ, ਲਈ ਅਜੇ ਵੀ ਇਸ ਅਜਾਇਬ ਘਰ ਵਿਚ ਏਨਾ ਕੁਝ ਹੈ ਕਿ ਅਸੀਂ ਕਈ ਦਿਨ ਤਕ ਬਹੁਤ ਕੁਝ ਦੇਖਦੇ ਰਹੇ। ਅਜਾਇਬ ਘਰ ਦੀ ਦੇਖਭਾਲ ਕਰਨ ਵਾਲਾ ਬਹੁਤ ਗਿਆਨਵਾਨ ਮਨੁੱਖ ਸੀ। ਉਸ ਵਿਚ ਉਸ ਨਸਲ ਦਾ ਸਾਹ-ਰੋਕੂ ਜੋਸ਼ ਭਰਿਆ ਪਿਆ ਸੀ ਜਿਸ ਨਾਲ ਉਹ ਸੰਬੰਧ ਰੱਖਦਾ ਸੀ। ਉਸਨੇ ਸਾਨੂੰ ਸ਼ਾਨਦਾਰ ਅਤੀਤ ਤੇ ਤਰਸਨਾਕ ਵਰਤਮਾਨ ਬਾਰੇ ਦੱਸਿਆ। ਇੰਡੀਅਨਾਂ ਲਈ ਪੜ੍ਹਾਈ ਦੀ ਜ਼ਰੂਰਤ ਬਾਰੇ ਦੱਸਿਆ ਜੋ ਪੁਨਰ ਨਿਰਮਾਣ ਦਾ ਪਹਿਲਾ ਕਦਮ ਹੋਵੇਗਾ। ਇੰਡੀਅਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਦੀ ਫੌਰੀ ਲੋੜ 'ਤੇ ਉਹ ਬਹੁਤ ਜ਼ੋਰ ਦੇ ਰਿਹਾ ਸੀ ਤਾਂ ਕਿ ਕੋਕਾ ਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਲਤ ਨੂੰ ਰੋਕਿਆ ਜਾ ਸਕੇ। ਇਸ ਵਿਅਕਤੀ ਨੇ ਕੋਚੂਆ ਲੋਕਾਂ ਦੀ ਸਮਝਦਾਰੀ ਦੇ ਵਿਕਾਸ ਦੀ ਗੱਲ ਕੀਤੀ ਤਾਂ ਕਿ ਇਹ ਲੋਕ ਆਪਣੇ ਅਤੀਤ ਨੂੰ ਸਮਝ ਸਕਣ ਇਸ ਦੀ ਥਾਂ ਕਿ ਉਹ ਆਪਣੇ ਵਰਤਮਾਨ ਨੂੰ ਹੀ ਦੇਖਕੇ ਸ਼ਰਮ ਮਹਿਸੂਸ ਕਰਦੇ ਰਹਿਣ। ਉਸ ਸਮੇਂ ਇਸ ਖੇਤਰ ਵਿਚ ਕੋਕਾ ਸਮੱਸਿਆ ਬਾਰੇ ਸੰਯੁਕਤ ਰਾਸ਼ਟਰ ਵਿਚ ਬਹਿਸ ਹੋ ਰਹੀ ਸੀ। ਅਸੀਂ ਵੀ ਜ਼ਹਿਰੀਲੇ ਪੀਣ ਵਾਲੇ ਪਦਾਰਥਾਂ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਉਹ ਵਿਅਕਤੀ ਉਨ੍ਹਾਂ ਲੋਕਾਂ ਨੂੰ ਗਾਹਲਾਂ ਕੱਢਣ ਲੱਗ ਪਿਆ ਜੋ ਸਿਰਫ਼ ਮੁਨਾਫ਼ੇ ਲਈ ਲੱਖਾਂ ਲੋਕਾਂ ਨੂੰ ਜ਼ਹਿਰ ਦਿੰਦੇ ਹਨ। ਪੇਰੂ ਵਿਚ ਕੋਅਲਾ ਕੋਚੁਆ ਨਸਲ ਦੀ ਬਹੁਤਾਤ ਹੈ ਤੇ ਇਨ੍ਹਾਂ ਨਸਲਾਂ 'ਤੇ ਹੀ ਕੋਕਾ ਦੀ ਖਪਤ ਕੀਤੀ ਜਾਂਦੀ ਹੈ। ਉਸ ਵਿਅਕਤੀ ਦੀ ਅਰਧ ਦੇਸੀ ਦਿੱਖ ਤੇ ਉਸਦੀਆਂ ਅੱਖਾਂ, ਉਤਸ਼ਾਹ ਤੇ ਭਵਿੱਖ ਵਿਚ ਉਸਦੇ ਵਿਸ਼ਵਾਸ ਨਾਲ ਚਮਕ ਰਹੀਆਂ ਸਨ। ਉਹਨੇ ਅਜਾਇਬ ਘਰ ਲਈ ਇਕ ਹੋਰ ਹੀ ਖ਼ਜ਼ਾਨੇ ਦਾ ਨਿਰਮਾਣ ਕਰਨਾ ਸੀ। ਪਰ ਇਹ ਜੀਵੰਤ ਰੂਪ ਵਿਚ ਹੋਣਾ ਸੀ ਜਿਸ ਦਾ ਰੂਪ ਆਪਣੇ ਭਵਿੱਖ ਲਈ ਲੜਨ ਵਾਲੀ ਨਸਲ ਦੇ ਸੰਘਰਸ਼ ਵਜੋਂ ਸੀ।
-0-