ਕੰਤ ਇਆਣੇ ਵਿਆਹੀ ਬਾਬਲਾ, ਤਾਂ ਕਿਉਂ ਕੀਤਾ ਲੋਹੜਾ ।
ਹੱਥੀਂ ਏਹਨੂੰ ਪਾਲ ਪਲੋਸਿਆ, ਜਿਉਂ ਹਥਲੀ ਦਾ ਫੋੜਾ ।
ਕੱਤ ਕੱਤ ਮੈਂ ਥੱਕੀ ਤ੍ਰਿੰਜਣ, ਮੁਕਿਆ ਸਾਰਾ ਗੋਹੜਾ ।
ਬਾਬਲ ਅਰਜ ਸੁਣੀ, ਮੈਂ ਨਾ ਏਹਨੂੰ ਲੋੜਾਂ ।
ਪੱਕੀਂ ਲੈ ਚਲ ਵੇ, ਮੈਂ ਹੱਥ ਦੋਵੇਂ ਜੋੜਾਂ ।
ਕਾਲੇ ਭੁੰਡ ਨਾਲ ਮਾਏ, ਮੈਨੂੰ ਕਿਉਂ ਵਿਆਹਿਆ ਨੀ।
ਦਸ ਤੇਰੀ ਲਾਡਲੀ ਨੇ, ਤੇਰਾ ਕੀ ਗੁਆਇਆ ਨੀ ।
ਮੇਰੇ ਕੋਹੜੇ ਕਰਮਾਂ ਦਾ, ਨਾਪ ਅਗੋਂ ਆਇਆ ਨੀ ।
ਦਿਲ ਵਾਲਾ ਰੋਗ ਤੈਨੂੰ, ਖੋਹਲ ਕੇ ਸੁਣਾਇਆ ਨੀ।
ਮੈਂ ਨਹੀਂ ਏਹਦੇ ਨਾਲ ਜਾਣਾ ਏਹਨੂੰ ਕਿਉਂ ਬੁਲਾਇਆ ਨੀ ।
ਪਹਿਲਾਂ ਜੇਠ ਨਾਲ ਮਿੱਠੀਆਂ ਮਾਰਦੀ, ਫੇਰ ਜੇਠ ਨਾਲ ਲੜਦੀ
ਮਤਲਬ ਵੇਲੇ ਜੀ ਜੀ ਆਖੇ, ਲੱੜ ਪੈਣ ਤੇ ਸੜਦੀ ।
ਨੀ ਅੜੀਆਂ ਛਡ ਭਾਬੀ, ਕਾਹਤੋਂ ਜੇਠ ਨਾਲ ਅੜਦੀ ।