ਸਹੁਰਾ ਤੇਰਾ ਮੰਨੀ ਤੇਨੀ ਦਾ, ਜੱਟ ਨੀ ਗੁਜਾਰੇ ਵਾਲਾ ।
ਵੇਖੀਂ ਕਿਧਰੇ ਪਗੜੀ ਦੇ ਵਿਚ ਖੋਹ ਨਾ ਪਾ ਦਈ
ਨਾ ਕਰਦੀ ਕੋਈ ਕਾਰਾਂ ।
ਦੋ ਤਾਂ ਜੱਟ ਦੇ ਮਹੀਆਂ ਲਵੇਰੀਆ, ਸੁਣਿਆ ਬਹੁਤ ਗੁਜ਼ਾਰਾ ।
ਚੋਬਰ ਹੋ ਜਾਊਗਾ, ਨਾ ਕਰ ਸੰਸਾ ਬਾਹਲਾ ।
-----
ਹੁਣ ਤਾਂ ਬੁਢੜੀਏ ਰਹਿ ਗਈ ਸਿਆਨਣੋਂ, ਉਹ ਦਿਨ ਯਾਦ ਕਰਾਇਆ।
ਭਾਈ ਕਬੀਲੇ ਕਰ ਲਏ ਇਕੱਠੇ, ਕਾਰਜ ਖੁਬ ਰਚਾਇਆ।
ਪੰਜ ਸੌ ਮੇਰੇ ਨਿਉਂਦੇ ਪੈ ਗਿਆ, ਪੰਜ ਸੌ ਹੱਟੀ ਕਢਾਇਆ।
ਭੋਂ ਤਾਂ ਮੇਰੀ ਬੈਅ ਖਤ ਕਰਤੀ, ਸੁਥਰਿਆਂ ਨਾਲ ਰਲਾਇਆ।
ਧੀ ਨੂੰ ਘੱਤ ਸਸੀਏ, ਤੇਰਾ ਲੈਣ ਜੁਆਈ ਆਇਆ ।
ਗੱਡੀ ਜੋੜ ਕੇ ਲੈਣ ਆ ਗਿਆ, ਕੀ ਮਤ ਮਾਰੀ ਤੇਰੀ ।
ਬਲਦਾਂ ਤੇਰਿਆਂ ਨੂੰ ਦੇਵਾਂ ਮੰਨ ਦੇ ਦਾਣਾ ਨਾ ਪਾਵਾਂ ਪੰਸੇਰੀ ।
ਮਾਂ ਤਾਂ ਤੇਰੀ ਬਾਹਰ ਵੇ ਫਿਰਦੀ, ਜਿਉਂ ਕੋਈ ਅਲਕ ਬਸ਼ੇਰੀ ।
ਵੇ ਮੈਂ ਨਾ ਤੋਰਾਂ, ਧੀ ਨਿਆਣੀ ਹੈ ਮੇਰੀ ।