ਕੈਂਪਸ ਦੇ ਵਿਚ ਕਰ ਕੇ ਐਮ. ਏ. ਵਿਚ ਡਿਪਲੋਮੇ ਆਈ ।
ਮੁੰਡਿਆਂ ਦੇ ਵਿਚ ਦਾਲ ਗਲੇ ਨਾ, ਅੱਖ ਬੁਢੜੇ ਤੇ ਲਾਈ ।
ਸੁਰਖੀ ਬਿੰਦੀ ਅਤੇ ਡੋਰੀਆ, ਚਮਕੇ ਦੂਣ ਸਵਾਈ ।
ਕਦੇ ਹਾਜਰੀ ਕਦੇ ਇਸ਼ਕ ਦੀ ਜਾਵੇ ਗਲ ਚਲਾਈ ।
ਇਕ ਪ੍ਰੋਫੈਸਰ ਦੇ, ਡੋਰ ਪਤੰਗ ਜਿਉਂ ਪਾਈ ।
ਨਿਹੁੰ ਲਗ ਜਾਵਣ ਜੋਰੋ ਜੋਰੀ, ਹਟਦੇ ਨਹੀਂ ਹਟਾਇਆ।
ਉਮਰ ਇਲਮ ਤੇ ਰਿਸ਼ਤੇ ਵਾਲਾ, ਝਗੜਾ ਖੂਬ ਮੁਕਾਇਆ।
ਤੰਦ ਇਸ਼ਕ ਦੀ ਜਦ ਪਕ ਜਾਵੇ, ਚਮਕੇ ਰੂਪ ਸਵਾਇਆ।
ਮੁੰਡਿਆਂ ਦੇ ਨਾਲ ਵੈਰ ਕਮਾ ਕੇ, ਸਾਰਾ ਮਾਨ ਗੁਆਇਆ ।
ਇਕ ਪ੍ਰੋਫੈਸਰ ਨੇ, ਚਿਤ ਕੁੜੀਆਂ ਤੇ ਲਾਇਆ।
ਸੁਣ ਵੇ ਅਫਸਰਾ ਜੀਪ ਵਾਲਿਆ, ਕਿਸ਼ਤ ਲੈਣ ਤੂੰ ਆਇਆ।
ਅਧੇ ਪਿੰਡ ਦੇ ਮੁਰਗੇ ਖਾ ਗਿਆ, ਕਰਜ਼ਾ ਜਦੋਂ ਕਢਾਇਆ।
ਮੱਕੀ ਬਾਜਰਾ ਤੋਤੇ ਖਾ ਗਏ, ਰਬ ਨੇ ਮੀਂਹ ਨਹੀਂ ਪਾਇਆ।
ਅਗਲੀ ਹਾੜੀ ਕਿਸ਼ਤ ਭਰਾਂਗੇ, ਤੈਨੂੰ ਆਖ ਸੁਣਾਇਆ।
ਐਥੋਂ ਮੁੜ ਜਾ ਵੇ, ਕਾਹਤੋਂ ਮਾਲ ਡਰਾਇਆ।