ਮੇਰਾਂ ਵਾਲੀ ਤੋਂ ਮਬ ਕੋ ਮੋਲਣਾ, ਸੰਗਤੀ ਵਾਲੇ ਵਿਚ ਆਈਆਂ।
ਦੋ ਦੋ ਗਿੱਧੇ ਵਿਚ ਵੜਨ ਇਕੱਠੀਆਂ, ਹਟਦੀਆਂ ਨਹੀਂ ਹਟਾਈਆਂ ।
ਕਾਲੇ ਸੂਫ ਦੋ ਘਗਰੇ ਸਵਾ ਲਏ, ਪੈਲਾਂ ਮੋਰ ਜਿਉਂ ਪਾਈਆਂ।
ਹੁਣ ਨਾ ਸਿਆਣਦੀਆਂ, ਦਿਉਰਾਂ ਨੂੰ ਭਰਜਾਈਆਂ ।
-----
ਚਿੜੀਆਂ ਉਡਾਵਾਂ ਨੀ ਮੈਂ, ਮਨੇ ਉਤੇ ਚੜ ਕੇ ।
ਤੱਤੜੀ ਦਾ ਦਿਲ ਪਿਆ, ਇਕੱਲਾ ਮੇਰਾ ਬੜਕੇ ।
ਯਾਦ ਮੇਰੇ ਮਾਹੀ ਵਾਲੀ, ਸੀਨੇ ਵਿਚ ਰੜਕੇ ।
ਛੋਟੇ ਦਿਉਰ ਨਾਲ ਚਿੱਤ ਪਰਚਾਵਾਂ ਨੀ ।
ਨਾਲੇ ਬਾਜਰੇ ਤੋਂ ਚਿੜੀਆਂ ਉਡਾਵਾਂ ਨੀ ।
ਵੇ ਦਿਉਰਾ ਮੇਰੀ ਚਾਰ ਬੱਕਰੀ, ਤੇਰਾ ਕਦੇ ਨਾ ਅਹਿਸਾਨ ਭੁਲਾਵਾਂ ।
ਵੇ ਤੀਆਂ ਵਿਚ ਦਿਉਰ ਰਾਜਿਆ, ਤੇਰੇ ਨਾਂ ਤੇ ਬੋਲੀਆਂ ਪਾਵਾਂ ।
ਵੇ ਦਿਉਰਾ ਮੇਰੀ ਗੱਲ ਮੰਨ ਲੈ, ਤੇਰਾ ਜੱਸ ਗਿੱਧਿਆਂ ਵਿਚ ਗਾਵਾਂ ।