ਸਮੁੱਚੇ ਵਿਸ਼ਵ ਭਾਈਚਾਰੇ ਲਈ ਵੀ ਗੁਰੂ ਨਾਨਕ ਓਹਲੇ ਵਿਚ ਹਨ। ਗੁਰੂ ਨਾਨਕ ਰੌਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਿਆਂ ਤੱਕ ਪਹੁੰਚ ਦੇ ਰਸਤੇ ਵਿਚ ਬਣਿਆਂ ਮੁੱਖ ਅੜਿਕਾ ਸਾਡੀ ਗੁਰੂ ਨਾਨਕ ਪ੍ਰਤੀ ਹਉਮੈ ਭਰੀ ਮੇਰ ਹੈ। ਜਦੋਂ ਕੋਈ ਬੱਚਾ ਆਪਣੇ ਖਿਡਾਉਣੇ ਨੂੰ ਬਹੁਤਾ ਮੇਰਾ- ਮੇਰਾ ਕਰੇ ਤਾਂ ਹੋਰ ਬੱਚੇ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ। ਉਹ ਇਹ ਕਹਿ ਕੇ ਉਸ ਨਾਲੋਂ ਆਪਣਾ ਫਾਸਲਾ ਬਣਾ ਲੈਂਦੇ ਹਨ ਕਿ ਚੱਲ, ਤੂੰ ਆਪਣਾ ਆਪਣੇ ਕੋਲ ਹੀ ਰੱਖ। ਗੁਰੂ ਨਾਨਕ ਤੋਂ ਥੋੜ੍ਹਾ ਜਿਹਾ ਸਮਾਂ ਮਗਰੋਂ ਪੈਦਾ ਹੋਏ ਜਾਂ ਉਹਨਾਂ ਦੇ ਸਮਕਾਲੀ ਸ਼ੇਕਸਪੀਅਰ ਦਾ ਸਾਹਿਤ ਦੁਨੀਆਂ ਦੀ ਹਰ ਯੂਨੀਵਰਸਿਟੀ ਅਤੇ ਕਾਲਜ ਵਿਚ ਪੜ੍ਹਿਆ, ਪੜ੍ਹਾਇਆ ਅਤੇ ਵਿਚਾਰਿਆ ਜਾਂਦਾ ਹੈ। ਪਰ ਸਾਡੀ ਮੇਰ ਅਤੇ ਗੁਰੂ ਨਾਨਕ 'ਤੇ ਸਾਡੇ ਨਜ਼ਾਇਜ਼ ਕਬਜ਼ੇ ਨੇ ਗੁਰੂ ਨਾਨਕ ਚਿੰਤਨ ਨੂੰ ਮੇਰੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੱਗੇ ਟੱਪਣ ਨਹੀਂ ਦਿੱਤਾ।
ਗੁਰੂ ਨਾਨਕ ਦੀ ਸ਼ਖ਼ਸੀਅਤ ਅਤੇ ਸਰਗਰਮੀ ਦੇ ਦੋ ਮੁੱਖ ਪਹਿਲੂ ਹਨ 1. ਯਾਤਰਾ ਅਤੇ 2. ਸੰਵਾਦ। ਗੁਰਮਤਿ ਦਰਸ਼ਨ ਕੋਈ ਇਕਹਿਰਾ, ਵਕਤੀ ਜਾਂ ਪੈਗੰਬਰੀ ਇਲਹਾਮ ਜਾਂ ਉਪਦੇਸ਼ ਨਹੀਂ। ਇਹ ਅਜਿਹਾ ਪ੍ਰਵਰਨ ਹੈ ਜਿਸ ਦੀਆਂ ਜੜ੍ਹਾਂ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਬਹੁਤ ਦੂਰ-ਦੂਰ ਤੱਕ ਅਤੇ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਹਨ। ਜੇ ਗੁਰੂ ਨਾਨਕ ਦੇ ਜੀਵਨ ਕਾਲ ਨੂੰ ਸਮੇਂ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਦੇ ਪਹਿਲੇ ਬਾਣੀਕਾਰਾਂ ਵਿਚੋਂ ਬਾਬਾ ਫਰੀਦ, ਭਗਤ ਜੈਦੇਵ ਅਤੇ ਭਗਤ ਸਦਨਾ ਜੀ ਗੁਰੂ ਨਾਨਕ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਨਾਨਕ ਆਗਮਨ ਤੋਂ ਦੋ ਸਦੀਆਂ ਬਾਅਦ ਹੋਈ।