

ਦਿਖਾਈ ਦਿੰਦੇ ਹਨ। ਜਸਵੰਤ ਸਿੰਘ ਜ਼ਫ਼ਰ ਲਿਖਦੇ ਹਨ ਕਿ ਇਸ ਮੌਕੇ ਗੁਰੂ ਸਾਹਿਬ ਦੀ ਬਾਣੀ ਦੀ ਵਰਤਮਾਨ ਸਮੇਂ 'ਚ ਸਾਰਥਕਤਾ ਬਾਰੇ ਬਹੁਤ ਕੁਝ ਲਿਖਿਆ/ਪੜ੍ਹਿਆ/ਪ੍ਰਕਾਸ਼ਿਤ ਕਰਵਾਇਆ ਗਿਆ । ਬੇਸ਼ੱਕ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਸਮਝਣ ਤੇ ਸੰਚਾਰਨ ਦੇ ਇਹਨਾਂ ਯਤਨਾਂ ਰਾਹੀਂ ਉਹਨਾਂ ਦੀ ਯਾਦ ਨੂੰ ਅਜੋਕੀਆਂ ਰਾਜਨੀਤਕ ਸਾਂਸਕ੍ਰਿਤਕ ਪ੍ਰਸਥਿਤੀਆਂ ਅਨੁਸਾਰ ਪੁਨਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਅਜੋਕੀ ਸਿੱਖ ਪਹਿਚਾਣ ਨੂੰ ਪੁਨਰ ਸਥਾਪਿਤ ਕੀਤਾ ਜਾ ਸਕੇ। ਪਰੰਤੂ ਸਥਿਤੀ ਦੀ ਵਿਡੰਬਨਾ ਇਹ ਹੈ ਕਿ ਨਾਨਕ ਨਾਮ ਲੇਵਾ ਦੇ ਵਿਵਹਾਰ ਵਿੱਚੋਂ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਪ੍ਰਤਿਬਿੰਬਤ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਰਹੀ। ਆਖ਼ਿਰ ਗੁਰੂ ਨਾਨਕ ਚਿੰਤਨ ਨੂੰ ਵਿਵਹਾਰਕ ਪੱਧਰ 'ਤੇ ਨਾ ਅਪਨਾਉਣ ਦੇ ਕੀ ਕਾਰਨ ਹਨ? ਇਸ ਬਾਰੇ ਲੇਖਕ ਪ੍ਰਸ਼ਨ ਕਰਦਾ ਹੈ ਕਿ ਗੁਰੂ ਨਾਨਕ ਬਾਣੀ ਦੀ ਮਹਾਨਤਾ 'ਤੇ ਕਿਹੜੀ ਚੀਜ਼ ਦਾ ਪਰਦਾ ਪਿਆ ਹੋਇਆ ਹੈ? ਤੇ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਗੁਰੂ ਨਾਨਕ ਹੋਣ ਦੇ ਮਹੱਤਵ ਨੂੰ ਲੱਭਣਾ ਤੇ ਖੋਜਣਾ ਮਿਹਨਤ ਤੇ ਉਚੇਚ ਭਰਿਆ ਕਾਰਜ ਬਣ ਗਿਆ ਹੈ? ਇਸ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਗਹਿਨ ਤੇ ਗੰਭੀਰ ਢੂੰਡ-ਭਾਲ ਕਰਦਿਆਂ ਲੇਖਕ ਸਿੱਖ ਭਾਈਚਾਰੇ ਦੇ ਵਿਹਾਰ ਵਿਚੋਂ ਗੁਰੂ ਸਾਹਿਬ ਦੇ ਚਿੰਤਨ ਦੀ ਗ਼ੈਰ-ਹਾਜ਼ਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦੇਵ ਜੀ ਦੇ ਬਿਰਧ ਪੈਗ਼ੰਬਰੀ ਬਿੰਬ ਨੂੰ ਦਰਸਾਉਂਦਾ ਹੈ। ਗੁਰੂ ਜੀ ਦੇ ਜੀਵਨ-ਬਿਰਤਾਂਤ ਨਾਲ ਸੰਬੰਧਿਤ ਘਟਨਾਵਾਂ ਦੇ ਸੰਦਰਭ 'ਚ ਲੇਖਕ ਸਿੱਧ ਕਰਦਾ ਹੈ ਕਿ ਕਿਸ ਤਰ੍ਹਾਂ ਜਨਮ ਸਾਖੀਕਾਰਾਂ ਅਤੇ ਵਪਾਰਕ ਬਿਰਤੀ ਦੇ ਧਾਰਨੀ ਕੁੱਝ ਚਿਤਰਕਾਰਾਂ ਨੇ ਬਗੈਰ ਤੱਥਾਂ ਨੂੰ ਘੋਖਿਆਂ ਗੁਰੂ ਜੀ ਦਾ ਸੱਤਰ-ਅੱਸੀ ਸਾਲਾਂ ਦੇ ਬਜ਼ੁਰਗ ਉਪਦੇਸ਼ਕ ਦਾ ਬਿੰਬ ਸਥਾਪਿਤ ਕਰ ਦਿੱਤਾ ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ, ਬਾਣੀ, ਉਪਦੇਸ਼ ਤੇ ਵਿਚਾਰਧਾਰਾ ਪ੍ਰਤਿ ਲੋਕ ਮਾਨਸਿਕਤਾ ਦਰੁੱਸਤ ਪਹੁੰਚ ਧਾਰਨ ਕਰਨ ਤੋਂ ਮਹਿਰੂਮ ਰਹਿ ਗਈ। ਵਿਸ਼ਵ-ਭਾਈਚਾਰੇ ਲਈ ਵੀ ਗੁਰੂ ਨਾਨਕ ਸਾਹਿਬ