ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰ ਨਿਬੰਧ ਵਿਚ ਲੇਖਕ ਮੱਧਕਾਲ 'ਚ ਪ੍ਰਚਲਿਤ ਰਾਜਾ, ਬ੍ਰਾਹਮਣ ਤੇ ਦੇਵੀ-ਦੇਵਤਿਆਂ ਦੀ ਸੰਤਾ ਸਥਾਪਤੀ ਤੇ ਗੁਰਮਤਿ ਵੱਲੋਂ ਪ੍ਰਭੂ ਦੀ ਇਕਲੋਤੀ ਹਸਤੀ ਰਾਹੀਂ ਸੰਤਾ ਦੇ ਕੇਂਦਰੀਕਰਨ ਦੇ ਸਰੋਕਾਰਾਂ ਨੂੰ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਸੱਤਾ ਦੇ ਇਸ ਵਿਆਪਕ ਤੇ ਇਕਸਾਰ ਵਿਕੇਂਦਰੀਕਰਨ ਦੇ ਅੰਤਰਗਤ ਹੀ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ, ਸਾਂਝੀਵਾਲਤਾ, ਪੂਰਨ ਸੁਤੰਤਰਤਾ ਦੇ ਪਾਸਾਰ ਨਿਹਿਤ ਹਨ। ਬਰਾਬਰੀ ਤੇ ਅਧਾਰਿਤ ਬਹੁ-ਕੇਂਦਰਿਤ ਏਕਤਾ ਦੇ ਰਾਜਸੀ ਟੀਚੇ ਨੂੰ ਸਮਰਪਿਤ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਰੋਸ਼ਨੀ ਵਿਚ ਹੀ ਵਿਸ਼ਵੀਕਰਨ, ਜੀਓਪੋਲਿਟਿਕਸ, ਨਿਊ ਵਰਲਡ ਆਰਡਰ ਜਿਹੇ ਵਰਤਾਰਿਆਂ/ਚੁਣੌਤੀਆਂ ਨੂੰ ਸਮਝੇ ਜਾਣ ਦੀ ਸਮਕਾਲ ਵਿਚ ਜ਼ਰੂਰਤ ਹੈ।
ਪ੍ਰਾਚੀਨ ਭਾਰਤੀ ਪਰੰਪਰਾ ਵਿਚ ਵਿਭਿੰਨ ਦਾਰਸ਼ਨਿਕ ਆਪਣੇ ਵਿਚਾਰਾਂ ਦੀ ਪ੍ਰਸਤੁਤੀ ਸਮੇਂ ਪੂਰਵ-ਪ੍ਰਚਲਿਤ ਵਿਚਾਰਾਂ ਦੀ ਆਲੋਚਨਾ ਕਰਦੇ ਸਨ ਜਿਸਨੂੰ ਖੰਡਨ ਜਾਂ ਪੂਰਵ-ਪਕਸ਼ ਕਿਹਾ ਜਾਂਦਾ ਸੀ ਤੇ ਇਸ ਉਪਰੰਤ ਉਹ ਆਪਣਾ ਮਤ ਪੇਸ਼ ਕਰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਚਲਿਤ ਰੁਝਾਨ ਤੋਂ ਇਕ ਵਿਥ ਦੀ ਸਥਾਪਨਾ ਕਰਦਿਆਂ ਸੰਵਾਦ ਦੀ ਨਵੀਂ ਪਿਰਤ ਪਾਉਂਦਿਆਂ 'ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦਾ ਸੰਕਲਪ ਦਿੱਤਾ। ਗੁਰੂ ਜੀ ਵੱਲੋਂ ਉਦਾਸੀਆਂ ਦੌਰਾਨ ਵੱਖੋ-ਵੱਖਰੇ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ, ਬ੍ਰਾਹਮਣਾਂ, ਮੌਲਾਣਿਆਂ, ਜੋਗੀਆਂ ਨਾਲ ਸੰਵਾਦ ਜਿਥੇ ਸਹਿਹੋਂਦ ਦੇ ਗੁਣ ਨੂੰ ਉਜਾਗਰ ਕਰਦਾ ਹੈ ਉਥੇ ਪੰਜਾਬੀ ਸਮਾਜ ਵਿਚ ਵਿਚਾਰ-ਵਟਾਂਦਰੇ ਦੀ ਪਰੰਪਰਾ ਵਿਕਸਿਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ