ਗੁਰੂ ਨਾਨਕ : ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥
(729)
ਇਸ ਤਰ੍ਹਾਂ ਗੁਰੂ ਨਾਨਕ ਨੇ ਫਰੀਦ ਜੀ ਦੀ ਬਾਣੀ ਨੂੰ ਕਿਸੇ ਪਰਮ ਸਤਿ ਜਾਂ ਵਿਚਾਰਧਾਰਾ ਦੇ ਅੰਤਿਮ ਸਰੂਪ ਵਜੋਂ ਸਥਾਪਤ ਕਰਨ ਦੀ ਬਜਾਏ ਇਸ ਨਾਲ ਸੰਵਾਦ ਦੀਆਂ ਸੰਭਾਵਨਾਵਾਂ ਨੂੰ ਪਰਗਟ ਕੀਤਾ ਹੈ। ਇਹਨਾਂ ਸੰਭਾਵਨਾਵਾਂ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਫਰੀਦ ਬਾਣੀ ਨਾਲ ਆਪਣੇ ਸਲੋਕਾਂ ਨਾਲ ਸੰਵਾਦ ਰਚਾਇਆ ਹੈ। ਇਸ ਦੇ ਨਾਲ ਹੀ ਸਮੁੱਚੇ ਗੁਰੂ ਗਰੰਥ ਸਾਹਿਬ ਦੀ ਬਾਣੀ ਇਕ ਪਾਸੜ ਜਾਂ ਇਕਹਿਰੇ ਵਿਚਾਰਧਾਰਕ ਪ੍ਰਵਚਨ ਜਾਂ ਉਪਦੇਸ਼ ਦੀ ਬਜਾਏ ਵੰਨ-ਸੁਵੰਨਤਾ ਭਰੇ ਸੰਵਾਦ ਦੇ ਪਿੜ ਦਾ ਸਰੂਪ ਗ੍ਰਹਿਣ ਕਰਦੀ ਹੈ।
ਪਹਿਲੀ ਉਦਾਸੀ ਦੀ ਸਿਖਰ 'ਤੇ ਗੁਰੂ ਨਾਨਕ ਉੜੀਸਾ ਦੇ ਸ਼ਹਿਰ ਪੁਰੀ ਵਿਖੇ ਜਗਨ ਨਾਥ ਮੰਦਰ ਗਏ ਜਿਥੇ ਜੈਦੇਵ ਜੀ ਦੀ ਰਚਨਾ ਗੀਤ ਗੋਵਿੰਦ ਦਾ ਗਾਇਨ ਹੁੰਦਾ ਸੀ ਅਤੇ ਸ਼ਾਮ ਨੂੰ ਥਾਲੀ ਵਿਚ ਦੀਵੇ ਬਾਲ ਕੇ ਭਗਵਾਨ ਜਗਨ ਨਾਥ ਦੀ ਆਰਤੀ ਉਤਾਰੀ ਜਾਂਦੀ ਸੀ (ਹੈ)। ਜਾਂਦੇ ਹੋਏ ਗੁਰੂ ਨਾਨਕ ਹਰਿਦੁਆਰ, ਪੁਸ਼ਕਰ, ਬਨਾਰਸ, ਗਯਾ ਆਦਿਕ ਹਿੰਦੂ ਤੀਰਥਾਂ ਤੋਂ ਹੋ ਕੇ ਗਏ। ਕਾਸ਼ੀ ਓਦੋਂ ਸਨਾਤਨੀ ਚਿੰਤਨ ਅਤੇ ਭਗਤੀ ਸੁਖ਼ਨ ਦਾ ਵੱਡਾ ਕੇਂਦਰ ਸੀ। ਇਸ ਕਰਕੇ ਆਪ ਜੀ ਨੂੰ ਰਵਿਦਾਸ ਜੀ, ਕਬੀਰ ਜੀ, ਧੰਨਾ ਜੀ, ਪੀਪਾ ਜੀ. ਸੈਣ ਜੀ ਆਦਿ ਭਗਤਾਂ ਦੀ ਬਾਣੀ ਦਾ ਵੱਡਾ ਗੱਫਾ ਹਾਸਲ ਹੋਇਆ। ਅਰਥਾਤ ਜਗਨ ਨਾਥ ਪੁਰੀ ਪਹੁੰਚਣ ਤੋਂ ਪਹਿਲਾਂ ਗੁਰੂ ਨਾਨਕ ਇਹਨਾਂ ਸੰਤਾਂ ਭਗਤਾਂ ਦੀ ਬਾਣੀ ਸੁਣ, ਪੜ੍ਹ,