

8.
ਅਕਾਸ਼ ਦਾ ਅਨੰਦ
ਮੇਰੇ ਪਿਆਰੇ ਆਪਣੇ,
ਮੈਂ ਬੜਾ ਹੀ ਅਨੰਦਤ ਹਾਂ, ਲਾਯੰਸ ਇੰਟਰਨੈਸ਼ਨਲ ਦੇ ਇਸ ਸੰਮੇਲਨ ਵਿੱਚ ਸ਼ਾਂਤੀ ਦੇ ਸੰਬੰਧ ਵਿੱਚ ਥੋੜ੍ਹੀਆਂ-ਜਿਹੀਆਂ ਗੱਲਾਂ ਤੁਹਾਡੇ ਨਾਲ ਕਰ ਸਕਾਂਗਾ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਾਂ, ਇਕ ਛੋਟੀ-ਜਿਹੀ ਘਟਨਾ ਮੈਨੂੰ ਚੇਤੇ ਆਉਂਦੀ ਹੈ, ਉਸੇ ਤੋਂ ਹੀ ਮੈਂ ਸ਼ੁਰੂ ਕਰਾਂਗਾ।
ਮਨੁੱਖ-ਜਾਤੀ ਦੇ ਬਹੁਤ-ਹੀ ਮੁੱਢਲੇ ਛਿਨਾਂ ਦੀ ਗੱਲ ਹੈ। ਅਦਮ ਅਤੇ ਈਵ ਨੂੰ ਸਵਰਗ ਦੇ ਬਗੀਚੇ ਤੋਂ ਬਾਹਰ ਕੱਢਿਆ ਜਾ ਰਿਹਾ ਸੀ। ਦਰਵਾਜ਼ੇ ਤੋਂ ਅਪਮਾਨਤ ਹੋ ਕੇ ਨਿਕਲਦੇ ਹੋਏ ਅਦਮ ਨੇ ਈਵ ਨੂੰ ਕਿਹਾ, ਅਸੀਂ ਬੜੇ ਸੰਕਟ 'ਚੋਂ ਲੰਘ ਰਹੇ ਹਾਂ। ਇਹ ਪਹਿਲੀ ਗੱਲ ਸੀ, ਜੋ ਦੋ ਮਨੁੱਖਾਂ ਦੇ ਵਿਚਾਲੇ ਸੰਸਾਰ ਵਿੱਚ ਹੋਈ, ਲੇਕਿਨ ਪਹਿਲੀ ਗੱਲ ਇਹ ਸੀ ਕਿ ਅਸੀਂ ਬੜੇ ਸੰਕਟ 'ਚੋਂ ਲੰਘ ਰਹੇ ਹਾਂ। ਅਤੇ ਤਦ ਤੋਂ ਅੱਜ ਤਕ ਕੋਈ ਵੀਹ ਲੱਖ ਸਾਲ ਹੋਏ, ਮਨੁੱਖ-ਜਾਤੀ ਹੋਰ ਵੱਡੇ, ਹੋਰ ਵੱਡੇ ਸੰਕਟਾਂ ਵਿੱਚੋਂ ਗੁਜ਼ਰਦੀ ਰਹੀ ਹੈ। ਇਹ ਵਚਨ ਸਦਾ ਲਈ ਸੱਚ ਹੋ ਗਿਆ। ਅਜੇਹਾ ਕੋਈ ਸਮਾਂ ਨਾ ਰਿਹਾ, ਜਦ ਅਸੀਂ ਸੰਕਟ ਵਿੱਚ ਨਾ ਰਹੇ ਹੋਈਏ, ਅਤੇ ਸੰਕਟ ਰੋਜ਼ ਵਧਦੇ ਗਏ ਹਨ। ਇਕ ਦਿਨ ਅਦਮ ਨੂੰ ਸਵਰਗ ਦੇ ਰਾਜ ਵਿੱਚੋਂ ਕੱਢਿਆ ਗਿਆ ਸੀ, ਹੌਲੀ-ਹੌਲੀ ਅਸੀਂ ਕਦੋਂ ਨਰਕ ਦੇ ਰਾਜ ਵਿੱਚ ਦਾਖ਼ਲ ਹੋ ਗਏ, ਇਸ ਦਾ ਪਤਾ ਲਾਉਣਾ ਕਠਨ ਹੈ।
ਅੱਜ ਤਾਂ ਇਹ ਕਿਹਾ ਜਾ ਸਕਦਾ ਹੈ, ਇਧਰ ਤਿੰਨ ਹਜ਼ਾਰ ਵਰ੍ਹਿਆਂ ਦਾ ਇਤਿਹਾਸ ਗਿਆਤ ਹੈ। ਤਿੰਨ ਹਜ਼ਾਰ ਵਰ੍ਹਿਆਂ ਵਿੱਚ ਸਾਢੇ ਚਾਰ ਹਜ਼ਾਰ ਯੁੱਧ ਹੋਏ ਹਨ। ਇਹ ਘਬਰਾ ਦੇਣ ਵਾਲੀ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ। ਤਿੰਨ ਹਜ਼ਾਰ ਸਾਲਾਂ ਵਿੱਚ ਮਨੁੱਖ ਨੇ ਸਾਢੇ ਚਾਰ ਹਜ਼ਾਰ ਲੜਾਈਆਂ ਲੜੀਆਂ ਹੋਣ ਤਾਂ ਇਹ ਜੀਵਨ ਸ਼ਾਂਤੀ ਦਾ ਜੀਵਨ ਨਹੀਂ ਕਿਹਾ ਜਾ ਸਕਦਾ। ਹੁਣ ਤਕ ਅਸੀਂ ਕੋਈ ਸ਼ਾਂਤੀਕਾਲ ਜਾਣਿਆ ਨਹੀਂ ਹੈ। ਦੋ ਤਰ੍ਹਾਂ ਦੇ ਹਿੱਸਿਆਂ ਵਿਚ ਅਸੀਂ ਮਨੁੱਖ ਦੇ ਇਤਿਹਾਸ ਨੂੰ ਵੰਡ ਸਕਦੇ ਹਾਂ-ਯੁੱਧ ਦਾ ਸਮਾਂ, ਅਤੇ ਯੁੱਧ ਦੇ ਲਈ ਤਿਆਰੀ ਦਾ ਸਮਾਂ। ਸ਼ਾਂਤੀ ਦਾ ਕੋਈ ਸਮਾਂ, ਕੋਈ ਹਿੱਸਾ ਅਜੇ ਤਕ ਗਿਆਤ ਨਹੀਂ ਹੈ। ਨਿਸਚਿਤ ਹੀ, ਕੋਈ ਬਹੁਤ ਗਹਿਰਾ ਸ਼ੁਦਾਅ, ਕੋਈ ਬਹੁਤ ਵੱਡਾ ਪਾਗਲਪਣ ਮਨੁੱਖ ਨੂੰ ਚੁੰਬੜਿਆ ਹੋਵੇਗਾ। ਕੋਈ ਰਾਹ ਹੁਣ ਲੱਭ ਲੈਣਾ ਜ਼ਰੂਰੀ ਹੈ। ਪੁਰਾਣੀਆਂ ਲੜਾਈਆਂ ਬਹੁਤ ਛੋਟੀਆਂ ਲੜਾਈਆਂ ਸਨ ਅਤੇ ਉਹਨਾਂ ਦੇ ਬਾਅਦ ਵੀ ਅਸੀਂ ਬਚਦੇ ਚਲੇ ਆਏ ਹਾਂ। ਲੇਕਿਨ ਹੁਣ ਸ਼ਾਇਦ ਜੋ ਯੁੱਧ ਹੋਵੇਗਾ, ਉਸ ਵਿੱਚ ਮਨੁੱਖ ਦੇ ਬਚਣ ਦਾ ਵੀ ਕੋਈ ਉਪਾਅ ਨਾ ਹੋਵੇ।