

ਗਹਿਰਾਈ ਹੈ ਜੋ ਨੇੜੇ ਹੈ ਅਤੇ ਜਿਸ ਤੋਂ ਅਸੀਂ ਬਿਲਕੁਲ ਨਾਵਾਕਫ਼ ਹਾਂ । ਉਹ ਗਹਿਰਾਈ ਸਾਡੇ ਹਰੇਕ ਦੇ ਅੰਦਰ ਸਾਡੇ ਆਪਣੇ-ਆਪ ਦੀ, ਸਾਡੇ ਖ਼ੁਦ ਦੀ ਸੱਤਾ ਦੀ ਗਹਿਰਾਈ ਹੈ। ਇਸ ਗਹਿਰਾਈ ਵਿੱਚ ਕਿਵੇਂ ਪ੍ਰਵੇਸ਼ ਹੋ ਸਕਦਾ ਹੈ, ਉਸ ਸੰਬੰਧ ਵਿੱਚ ਹੀ ਥੋੜ੍ਹੀਆਂ- ਜਿਹੀਆਂ ਗੱਲਾਂ ਅੱਜ ਕਹਿਣਾ ਪਸੰਦ ਕਰਾਂਗਾ ਹੋ ਸਕਦਾ ਹੈ, ਮੇਰੀਆਂ ਕੁਝ ਗੱਲਾਂ ਦੁਪਿਆਰੀਆਂ ਵੀ ਲੱਗਣ। ਮੈਂ ਜਾਣ ਕੇ ਕਹਿੰਦਾ ਹਾਂ ਕਿ ਕੁਝ ਗੱਲਾਂ ਦੁਪਿਆਰੀਆਂ ਹੋਣ, ਕਿਉਂਕਿ ਜੋ ਦੁਪਿਆਰਾ ਹੁੰਦਾ ਹੈ, ਉਹ ਹਿਲਾਉਂਦਾ ਹੈ ਅਤੇ ਜਗਾਉਂਦਾ ਹੈ। ਹੋ ਸਕਦਾ ਹੈ, ਮੇਰੀਆਂ ਕੁੱਝ ਗੱਲਾਂ ਬੁਰੀਆਂ ਲੱਗਣ । ਮੈਂ ਜਾਣ ਕੇ ਕਹਿੰਦਾ ਹਾਂ ਕਿ ਮੇਰੀਆਂ ਕੁਝ ਗੱਲਾਂ ਬੁਰੀਆਂ ਲੱਗਣ, ਕਿਉਂਕਿ ਜੋ ਬੁਰਾ ਲੱਗਦਾ ਹੈ, ਉਸ ਤੋਂ ਚਿੰਤਣ ਪੈਦਾ ਹੁੰਦਾ ਹੈ ਅਤੇ ਮਨੁੱਖ ਦਾ ਵਿਚਾਰ ਸੁਚੇਤ ਹੁੰਦਾ ਹੈ। ਫਿਰ ਵੀ ਮੈਂ ਸ਼ੁਰੂ ਵਿੱਚ ਕਹਾਂ ਕਿ ਮੈਨੂੰ ਮਾਫ਼ ਕਰ ਦਿਉਗੇ, ਜੇ ਕੋਈ ਗੱਲ ਬੁਰੀ ਲੱਗਦੀ ਹੋਵੇ, ਜੇ ਕੋਈ ਗੱਲ ਚੋਟ ਕਰਦੀ ਹੋਵੇ ਤਾਂ ਖਿਮਾ ਕਰ ਦਿਉਗੇ ਬਾਕੀ ਚੋਟ ਮੈਂ ਇਸੇ ਲਈ ਪੁਚਾਉਣਾ ਚਾਹੁੰਦਾ ਹਾਂ, ਕਿਉਂਕਿ ਅੰਦਰ ਜਦ ਅਸੀਂ ਬਿਲਕੁਲ ਸੌ ਗਏ ਹਾਂ, ਉਥੇ ਕੋਈ ਜਾਗ ਹੋਵੇ।
ਜੀਵਨ ਦੇ ਸੰਬੰਧ ਵਿੱਚ, ਜਾਂ ਸੱਚ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੱਲਾਂ ਸੁਣਦੇ-ਸੁਣਦੇ ਅਸੀਂ ਕਰੀਬ-ਕਰੀਬ ਆਤਮ ਮੂਰਛਤ ਹੋ ਗਏ ਹਾਂ ਅਤੇ ਉਹ ਸ਼ਬਦ ਸਾਡੇ ਅੰਦਰ ਕੁਝ ਵੀ ਪੈਦਾ ਨਹੀਂ ਕਰਦੇ ਹਨ। ਸ਼ਬਦ ਹੌਲੀ-ਹੌਲੀ ਮਰ ਜਾਂਦੇ ਹਨ। ਅਤੇ ਮਰ ਜਾਂਦੇ ਹਨ ਇਸ ਲਈ ਕਿ ਅਸੀਂ ਉਹਨਾਂ ਦੇ ਆਦੀ ਹੋ ਜਾਂਦੇ ਹਾਂ, ਉਹਨਾਂ ਦੇ ਦੁਹਰਾਵਣ ਦੇ ਕਾਰਨ, ਵਾਰ-ਵਾਰ ਰਿਪੀਟਿਸ਼ਨ ਦੇ ਕਾਰਨ ਉਹ ਸਾਨੂੰ ਯਾਦ ਹੋ ਜਾਂਦੇ ਹਨ, ਸਾਡੀ ਆਦਤ ਬਣ ਜਾਂਦੇ ਹਨ ਅਤੇ ਸਾਨੂੰ ਪ੍ਰਭਾਵਤ ਕਰਨਾ ਬੰਦ ਕਰ ਦਿੰਦੇ ਹਨ। ਲੋਕ ਰੋਜ਼ ਗੀਤਾ ਪੜ੍ਹਦੇ ਹਨ। ਜਿਹੜਾ ਆਦਮੀ ਰੋਜ਼ ਗੀਤਾ ਪੜ੍ਹਦਾ ਹੈ ਉਹ ਹੌਲੀ-ਹੌਲੀ ਗੀਤਾ ਦੇ ਪ੍ਰਤੀ ਮਰ ਜਾਏਗਾ ਅਤੇ ਗੀਤਾ ਉਸ ਦੇ ਲਈ ਮਰ ਜਾਏਗੀ। ਕਿਉਂਕਿ ਲਗਾਤਾਰ ਉਸ ਨੂੰ ਪੜ੍ਹਨ ਦਾ ਅਰਥ ਹੀ ਇਹ ਹੋਵੇਗਾ ਕਿ ਉਹ ਸ਼ਬਦ ਯਾਦ ਹੋ ਜਾਣਗੇ ਅਤੇ ਯਾਦਾਸ਼ਤ ਵਿੱਚ ਭਰ ਜਾਣਗੇ ਅਤੇ ਤੁਹਾਡੇ ਅੰਦਰ ਕੁਝ ਵੀ ਜਗਾਉਣ ਤੋਂ ਅਸਮਰੱਥ ਹੋ ਜਾਣਗੇ।
ਦੁਨੀਆ ਵਿੱਚ ਕਿਸੇ ਧਰਮ-ਗ੍ਰੰਥ ਦੇ ਨਾਲ ਸਭ ਤੋਂ ਬੁਰਾ ਕੰਮ ਜੋ ਹੋ ਸਕਦਾ ਹੈ, ਉਹ ਉਸ ਦਾ ਪਾਠ ਹੈ। ਲਗਾਤਾਰ ਉਸ ਦਾ ਪਾਠ ਸਭ ਤੋਂ ਖ਼ਤਰਨਾਕ ਗੱਲ ਹੈ। ਕਿਉਂਕਿ ਲਗਾਤਾਰ ਉਸ ਦੇ ਪਾਠ ਦਾ ਇਕ ਹੀ ਅਰਥ ਹੋਵੇਗਾ ਕਿ ਤੁਹਾਡੇ ਵਿੱਚ ਉਸ ਦੇ ਪ੍ਰਤੀ ਜੋ ਸਜੀਵਤਾ ਹੈ, ਜੋ ਵੀ ਚੇਤੰਨਤਾ ਹੈ, ਜੋ ਵੀ ਫੁਰਨਾ ਹੈ, ਜੋ ਵੀ ਜਾਨਦਾਰ ਪ੍ਰਤੀਤੀ ਹੈ, ਉਹ ਹੌਲੀ-ਹੌਲੀ ਖੋ ਦਿਉਗੇ । ਇਸ ਲਈ ਦੁਨੀਆ ਵਿਚ ਉਹਨਾਂ ਕੌਮਾਂ ਨੂੰ, ਜਿਨ੍ਹਾਂ ਕੋਲ ਨਿਆਰੇ ਗ੍ਰੰਥ ਹਨ, ਅਨੋਖੇ ਵਿਚਾਰ ਹਨ, ਇਕ ਦੁਰਭਾਗ ਸਹਿਣਾ ਪੈਂਦਾ ਹੈ। ਉਹਨਾਂ ਨੂੰ ਉਹ ਵਿਚਾਰ ਅਤੇ ਗ੍ਰੰਥ ਚੇਤੇ ਹੋ ਜਾਂਦੇ ਹਨ ਤੇ ਉਹਨਾਂ ਦੀ ਜੋ ਜਾਨਦਾਰ ਚੋਟ ਹੈ, ਉਹ ਖ਼ਤਮ ਹੋ ਜਾਂਦੀ ਹੈ।
ਇਕ ਸਾਧੂ ਹੋਇਆ ਹੈ, ਉਹ ਤਾਂ ਕੋਈ ਫ਼ਕੀਰ ਨਹੀਂ ਸੀ, ਕੋਈ ਗੈਰਿਕ ਵਸਤਰਾਂ ਨੂੰ ਉਸ ਨੇ ਨਹੀਂ ਪਹਿਨਿਆ ਸੀ ਅਤੇ ਉਸ ਨੇ ਆਪਣੇ ਘਰ ਨੂੰ ਕਦੇ ਨਹੀਂ ਛੱਡਿਆ।