

ਦਾ ਸਾਨੂੰ ਵੀ ਕੋਈ ਪਤਾ ਨਹੀਂ ਹੈ । ਅਸੀਂ ਉਸ ਨੂੰ ਹਿੰਦੂ, ਮੁਸਲਮਾਨ, ਜੈਨੀ ਜਾਂ ਈਸਾਈ ਬਣਾ ਦਿੰਦੇ ਹਾਂ। ਅਸੀਂ ਉਸ ਨੂੰ ਕੁਰਾਨ ਜਾਂ ਬਾਈਬਲ ਜਾਂ ਗੀਤਾ ਰਟਾ ਦਿੰਦੇ ਹਾਂ। ਅਸੀਂ ਉਸ ਨੂੰ ਕਹਿ ਦਿੰਦੇ ਹਾਂ, ਈਸ਼ਵਰ ਹੈ ਜਾਂ ਈਸ਼ਵਰ ਨਹੀਂ ਹੈ। ਫਿਰ ਇਹ ਹੀ ਵਿਸ਼ਵਾਸ ਜੀਵਨ-ਭਰ ਕੈਦਖ਼ਾਨੇ ਦੀ ਤਰ੍ਹਾਂ ਉਸ ਦੀ ਚੇਤਨਾ ਨੂੰ ਕੈਦ ਕਰੀ ਰੱਖਣਗੇ ਅਤੇ ਉਹ ਕਦੇ ਹੌਸਲਾ ਨਹੀਂ ਕਰ ਸਕੇਗਾ ਕਿ ਸੱਚ ਨੂੰ ਜਾਣ ਸਕੇ ।
ਬੱਚਿਆਂ ਦੇ ਨਾਲ, ਜੇ ਕਿਸੇ ਮਾਪਿਆਂ ਨੂੰ, ਕਿਸੇ ਗੁਰੂਆਂ ਨੂੰ, ਕਿਸੇ ਵਾਰਸਾਂ ਨੂੰ ਪ੍ਰੇਮ ਹੋਵੇ, ਤਾਂ ਉਹਨਾਂ ਨੂੰ ਪਹਿਲਾ ਕੰਮ ਕਰਨਾ ਚਾਹੀਦਾ ਹੈ ਕਿ ਆਪਣਾ ਪ੍ਰੇਮ ਤਾਂ ਦੇਣ, ਪਰ ਆਪਣੇ ਵਿਸ਼ਵਾਸ ਨਾ ਦੇਣ, ਆਪਣੀਆਂ ਸ਼ਰਧਾਵਾਂ ਨਾ ਦੇਣ, ਆਪਣੇ ਵਿਚਾਰ ਨਾ ਦੇਣ। ਉਹਨਾਂ ਨੂੰ ਮੁਕਤ ਰੱਖਣ, ਉਹਨਾਂ ਦੀ ਜਿਗਿਆਸਾ ਨੂੰ ਜਗਾਉਣ, ਲੇਕਿਨ ਜਿਗਿਆਸਾ ਨੂੰ ਖ਼ਤਮ ਨਾ ਕਰਨ।
ਸ਼ਰਧਾ ਜਿਗਿਆਸਾ ਨੂੰ ਤੋੜ ਦਿੰਦੀ ਹੈ ਅਤੇ ਤਬਾਹ ਕਰ ਦਿੰਦੀ ਹੈ। ਅਸੀਂ ਸਾਰੇ ਲੋਕ ਅਜੇਹੇ ਹੀ ਲੋਕ ਹਾਂ, ਜਿਨ੍ਹਾਂ ਦੀਆਂ ਜਿਗਿਆਸਾਵਾਂ ਬਚਪਨ ਵਿੱਚ ਹੀ ਤੋੜ ਦਿੱਤੀਆਂ ਗਈਆਂ ਹਨ, ਅਤੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੀ ਸ਼ਰਧਾ, ਆਪਣੇ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਸ਼ਵਾਸ, ਕਿਸੇ ਨਾ ਕਿਸੇ ਤਰ੍ਹਾਂ ਦੇ ਬਿਲੀਫ਼ ਨੂੰ ਫੜ ਕੇ ਬੈਠ ਗਏ ਹਨ, ਉਹ ਵਿਸ਼ਵਾਸ ਹੀ ਸਾਨੂੰ ਉੱਪਰ ਨਹੀਂ ਉਠਣ ਦਿੰਦਾ। ਉਹ ਵਿਸ਼ਵਾਸ ਹੀ ਸਾਨੂੰ ਵਿਚਾਰ ਨਹੀਂ ਕਰਨ ਦਿੰਦਾ। ਉਹ ਵਿਸ਼ਵਾਸ ਕਿਤੇ ਗ਼ਲਤ ਨਾ ਹੋਵੇ, ਇਸ ਲਈ ਸਾਨੂੰ ਜਿਗਿਆਸਾ ਨਹੀਂ ਕਰਨ ਦਿੰਦਾ।
ਜਿਵੇਂ ਆਸਤਕ ਦੇਸ਼ਾਂ ਵਿੱਚ ਹੁੰਦਾ ਹੈ, ਉਵੇਂ ਹੀ ਜ਼ਮੀਨ ਦੇ ਕੁਝ ਹਿੱਸਿਆਂ 'ਤੇ ਨਾਸਤਕ ਵਿਚਾਰ ਦਾ ਪ੍ਰਚਾਰ ਤੇ ਪ੍ਰੋਪੇਗੰਡਾ ਹੋ ਰਿਹਾ ਹੈ । ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ, ਈਸ਼ਵਰ ਨਹੀਂ ਹੈ, ਆਤਮਾ ਨਹੀਂ ਹੈ, ਸਵਰਗ ਨਹੀਂ ਹੈ, ਨਰਕ ਨਹੀਂ ਹੈ। ਛੋਟੇ-ਛੋਟੇ ਬੱਚਿਆਂ ਨੂੰ ਇਹ ਗੱਲਾਂ ਸਮਝਾਈਆਂ ਜਾ ਰਹੀਆਂ ਹਨ। ਹੌਲੀ-ਹੌਲੀ ਉਹ ਉਹਨਾਂ ਦੇ ਅਚੇਤਨ ਮਨ ਵਿੱਚ ਦਾਖ਼ਲ ਹੋ ਜਾਂਦੀਆਂ ਹਨ ਅਤੇ ਫਿਰ ਉਹ ਵਿਚਾਰ ਕਰਨ 'ਚ ਅਸਮਰੱਥ ਹੋ ਜਾਂਦੇ ਹਨ। ਅਸੀਂ ਕਰੀਬ-ਕਰੀਬ ਅਜੇਹੇ ਲੋਕ ਹਾਂ ਜੋ ਵਿਚਾਰ ਕਰਨ 'ਚ ਬਹੁਤ ਪਹਿਲਾਂ ਨਕਾਰਾ ਬਣਾ ਦਿੱਤੇ ਗਏ ਹਾਂ। ਹੁਣ ਅਸੀਂ ਕੀ ਕਰੀਏ?
ਸਭ ਤੋਂ ਪਹਿਲੀ ਗੱਲ ਹੋਵੇਗੀ ਕਿ ਅਸੀਂ ਇਸ ਨਕਾਰਾਪਣ ਨੂੰ ਛੱਡ ਦੇਈਏ । ਮਾਂ- ਬਾਪ ਨੇ, ਸਮਾਜ ਨੇ, ਹਾਲਾਤ ਨੇ, ਪ੍ਰਾਪੇਗੰਡਾ ਨੇ ਜੋ ਕੁਝ ਤੁਹਾਨੂੰ ਦਿੱਤਾ ਹੋਵੇ ਉਸ ਨੂੰ ਇੱਕੋ-ਵਾਰੀ ਪਾਸੇ ਕਰ ਦਿਉ । ਜਿਹੜਾ ਕਚਰੇ ਨੂੰ ਪਾਸੇ ਨਹੀਂ ਹਟਾਏਗਾ, ਉਹ ਕਦੇ ਵੀ ਆਪਣੇ ਅੰਦਰ ਦੀ ਅਗਨੀ ਨੂੰ ਨਹੀਂ ਪਹੁੰਚ ਸਕਦਾ। ਇਕ ਵਾਰ ਉਸ ਨੂੰ ਹਟਾ ਹੀ ਦੇਣਾ ਹੋਵੇਗਾ। ਸੰਨਿਆਸੀ ਹਨ, ਜੋ ਸਮਾਜ ਨੂੰ ਛੱਡ ਕੇ ਭੱਜ ਜਾਂਦੇ ਹਨ। ਲੇਕਿਨ ਮੈਂ ਅਸਲੀ ਸੰਨਿਆਸੀ ਉਸ ਨੂੰ ਕਹਿੰਦਾ ਹਾਂ, ਜਿਸ ਨੇ ਸਮਾਜ ਨੇ ਜੋ-ਜੋ ਸਿਖਾਇਆ ਹੋਵੇ, ਉਸ ਨੂੰ ਸੁੱਟ ਦਿੱਤਾ ਹੋਵੇ। ਸਮਾਜ ਨੂੰ ਛੱਡ ਕੇ ਭੱਜਣਾ ਸੰਨਿਆਸ ਨਹੀਂ ਹੈ। ਸਮਾਜ ਨੇ ਜੋ ਸਿਖਾਇਆ ਹੋਵੇ, ਸਮਾਜ ਨੇ ਜੋ ਟੀਚਿੰਗਸ ਦਿੱਤੀਆਂ ਹੋਣ, ਸਮਾਜ ਨੇ ਜੋ ਵਿਸ਼ਵਾਸ ਦਿੱਤੇ ਹੋਣ, ਉਹਨਾਂ ਸਭ ਨੂੰ ਜਿਹੜਾ ਸੁੱਟ ਦੇਵੇ ਉਹ ਅਸਲੀ ਸੰਨਿਆਸੀ ਹੈ ਅਤੇ ਉਹਦੇ ਲਈ ਬਹੁਤ ਹੌਸਲਾ ਚਾਹੀਦਾ ਹੈ।