

ਪਰੇਸ਼ਾਨੀ ਵਿੱਚ ਪੈ ਜਾਂਦਾ ਹੈ। ਜੋ ਉਹ ਹੈ ਉਸ ਨੂੰ ਤਾਂ ਭੁੱਲ ਜਾਂਦਾ ਹੈ ਅਤੇ ਜੋ ਹੋਣਾ ਚਾਹੁੰਦਾ ਹੈ, ਉਸ ਦੀ ਕੋਸ਼ਿਸ਼ ਪੈਦਾ ਕਰ ਲੈਂਦਾ ਹੈ। ਇਸ ਤਰ੍ਹਾਂ ਉਸ ਦੇ ਅੰਦਰ ਇਕ ਬੇਚੈਨੀ, ਇਕ ਅਸ਼ਾਂਤੀ ਅਤੇ ਇਕ ਸੰਘਰਸ਼ ਪੈਦਾ ਹੋ ਜਾਂਦਾ ਹੈ ।
ਪਰਮਾਤਮਾ ਨੂੰ ਤਾਂ ਸਿਰਫ਼ ਉਹ ਹੀ ਪਾ ਸਕਦੇ ਹਨ ਜੋ ਸ਼ਾਂਤ ਹੋਣ। ਜੋ ਅਸ਼ਾਂਤ ਹਨ, ਉਹ ਕਿਵੇਂ ਪਾ ਸਕਣਗੇ? ਜੋ ਵਿਅਕਤੀ ਕਿਸੇ ਦੂਜੇ ਦੀ ਨਕਲ ਵਿੱਚ ਕੁਝ ਹੋਣਾ ਚਾਹ ਰਿਹਾ ਹੈ, ਉਹ ਲਾਜ਼ਮੀ ਤੌਰ ਤੇ ਅਸ਼ਾਂਤ ਹੋ ਜਾਏਗਾ। ਉਸ ਦੀ ਅਸ਼ਾਂਤੀ ਉਸ ਨੂੰ ਪਰਮਾਤਮਾ ਦੇ ਕੋਲ ਨਹੀਂ ਪੁਜਾ ਸਕੇਗੀ। ਜੇ ਜੂਹੀ ਦੇ ਫੁੱਲ ਗੁਲਾਬ ਹੋਣਾ ਚਾਹੁਣ ਅਤੇ ਗੁਲਾਬ ਦੇ ਫੁੱਲ ਕਮਲ ਹੋਣਾ ਚਾਹੁਣ, ਤਾਂ ਜਿਹੋ-ਜਿਹੀ ਬੇਚੈਨੀ ਵਿੱਚ ਪੈ ਜਾਣਗੇ, ਉਹੋ-ਜਿਹੀ ਬੇਚੈਨੀ ਤੇ ਪਰੇਸ਼ਾਨੀ ਵਿੱਚ ਅਸੀਂ ਪੈ ਜਾਂਦੇ ਹਾਂ, ਜਦ ਅਸੀਂ ਕਿਸੇ ਦਾ ਅਨੁਕਰਣ ਕਰਦੇ ਹਾਂ।
ਇਸ ਲਈ ਦੂਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਅਨੁਕਰਣ ਨਹੀਂ, ਆਤਮਖੋਜ-ਅਨੁਕਰਣ ਨਹੀਂ ਆਤਮਖੋਜ । ਮੈਂ ਪਹਿਲੀ ਗੱਲ ਤੁਹਾਨੂੰ ਕਹੀ, ਸ਼ਰਧਾ ਨਹੀਂ, ਜਿਗਿਆਸਾ। ਦੂਜੀ ਗੱਲ ਕਹਿਣਾ ਚਾਹੁੰਦਾ ਹਾਂ, ਅਨੁਕਰਣ ਨਹੀਂ, ਆਤਮਖੋਜ, ਕਿਸੇ ਦਾ ਅਨੁਕਰਣ ਨਹੀਂ ਕਰਨਾ ਹੈ। ਕੋਈ ਕਿਸੇ ਦੇ ਲਈ ਆਦਰਸ਼ ਨਹੀਂ ਹੈ। ਹਰੇਕ ਵਿਅਕਤੀ ਦਾ ਆਦਰਸ਼ ਉਸ ਦੇ ਆਪਣੇ ਅੰਦਰ ਲੁਕਿਆ ਹੈ, ਜੋ ਉਘਾੜਨਾ ਹੈ, ਅਤੇ ਜੇ ਅਸੀਂ ਉਸ ਨੂੰ ਨਹੀਂ ਉਘਾੜਦੇ ਤੇ ਕਿਸੇ ਦੇ ਪਿੱਛੇ ਜਾਂਦੇ ਹਾਂ ਤਾਂ ਅਸੀਂ ਭੁੱਲ ਵਿੱਚ ਪੈ ਜਾਵਾਂਗੇ, ਅਸੀਂ ਭਟਕਣਾ ਵਿੱਚ ਪੈ ਜਾਵਾਂਗੇ। ਅਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਲੱਖ ਉਆਅ ਕਰੋ ਕ੍ਰਾਈਸਟ ਜਾਂ ਬੁੱਧ ਜਾਂ ਕ੍ਰਿਸ਼ਨ ਦੇ ਪਿੱਛੇ ਜਾਣ ਦਾ, ਤੁਸੀਂ ਕਦੇ ਕ੍ਰਿਸ਼ਨ, ਬੁੱਧ ਜਾਂ ਕ੍ਰਾਈਸਟ ਨਹੀਂ ਹੋ ਸਕੋਗੇ । ਲੇਕਿਨ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ, ਜੋ ਤੁਸੀਂ ਇਹ ਉਪਾਅ ਛੱਡ ਦਿਉ ਅਤੇ ਆਪਣੇ-ਆਪ ਨੂੰ ਖੋਜੋ, ਅਤੇ ਆਪਣੇ-ਆਪ ਨੂੰ ਜਗਾਉ ਤਾਂ ਕ੍ਰਿਸ਼ਨ, ਕ੍ਰਾਈਸਟ ਤੇ ਬੁੱਧ ਹੋ ਜਾਉਗੇ। ਆਪਣੀ ਨਿਜ ਹੈਸੀਅਤ ਵਿੱਚ, ਆਪਣੀ ਹੀ ਨਿਜ ਸ਼ਖ਼ਸੀਅਤ ਵਿੱਚ ਆਤਮ-ਪ੍ਰਾਪਤੀ ਅਤੇ ਅਹਿਸਾਸ ਨੂੰ ਪਾ ਲਵੋਗੇ । ਜੋ ਪਿੱਛੇ ਜਾਣ ਵਾਲਾ ਨਹੀਂ ਹਾਸਲ ਕਰਦਾ ਹੈ, ਉਹ ਆਪਣੇ ਅੰਦਰ ਜਾਣ ਵਾਲਾ ਹਾਸਲ ਕਰ ਲਏਗਾ। ਦੂਜੀ ਗੱਲ ਹੈ, ਅਨੁਕਰਣ ਨਹੀਂ।
ਅਨੁਕਰਣ ਨਹੀਂ ਦਾ ਅਰਥ ਹੋਇਆ, ਕਿਸੇ ਮਨੁੱਖ ਦੇ ਲਈ ਕੋਈ ਦੂਜਾ ਮਨੁੱਖ ਆਦਰਸ਼ ਨਹੀਂ ਹੈ। ਹੋ ਵੀ ਨਹੀਂ ਸਕਦਾ। ਲੇਕਿਨ ਸਾਨੂੰ ਸਮਝਾਇਆ ਗਿਆ ਹੈ ਤੇ ਸਾਨੂੰ ਦੱਸਿਆ ਗਿਆ ਹੈ ਕਿ ਕੋਈ-ਨਾ-ਕੋਈ ਆਦਰਸ਼ ਬਣਾਉ। ਅਤੇ ਜਦ ਵੀ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਕੋਈ-ਨਾ-ਕੋਈ ਆਦਰਸ਼ ਬਣਾਉ ਤਦੇ ਅਸੀਂ ਕੀ ਕਰਾਂਗੇ? ਅਸੀਂ ਕਿਸੇ ਮਨੁੱਖ ਨੂੰ ਆਦਰਸ਼ ਬਣਾ ਲਵਾਂਗੇ, ਅਤੇ ਤਦ ਅਸੀਂ ਉਸ ਦੀ ਤਰ੍ਹਾਂ ਹੋਣ ਦੀ ਕੋਸ਼ਿਸ਼ ਵਿੱਚ ਲੱਗ ਜਾਵਾਂਗੇ । ਕੋਸ਼ਿਸ਼ ਝੂਠੀ ਹੋਵੇਗੀ, ਇਸ ਲਈ ਝੂਠੀ ਹੋਵੇਗੀ ਕਿ ਸਿਰਫ਼ ਅਭਿਨੈ ਹੋਵੇਗਾ।
ਮੈਂ ਇਕ ਪਿੰਡ ਵਿੱਚ ਗਿਆ। ਮੇਰੇ ਇਕ ਮਿੱਤਰ ਉਥੇ ਸਾਧੂ ਹੋ ਗਏ ਹਨ। ਉਹਨਾਂ ਨੂੰ ਮਿਲਣ ਗਿਆ। ਇਕ ਪਹਾੜੀ ਦੇ ਕੰਢੇ ਇਕ ਛੋਟੇ ਝੌਂਪੜੇ ਵਿੱਚ ਉਹ ਰਹਿੰਦੇ ਸਨ।