

ਜਿਸ ਮਨੁੱਖ ਨੇ ਆਤਮਾ ਨੂੰ ਹਾਸਲ ਕਰਨਾ ਹੈ, ਉਸ ਦੀਆਂ ਉੱਨੀਆਂ ਹੀ ਘੱਟ ਆਦਤਾਂ ਹੋਣੀਆਂ ਚਾਹੀਦੀਆਂ ਹਨ, ਉਸ ਦੇ ਉੱਨੇ ਹੀ ਘੱਟ ਬੰਧਨ ਹੋਣੇ ਚਾਹੀਦੇ ਹਨ, ਉਸ ਦੀ ਉੱਨੀ ਹੀ ਘੱਟ ਜੜ੍ਹਤਾ ਹੋਣੀ ਚਾਹੀਦੀ ਹੈ। ਰਾਤ ਜੋ ਮੈਂ ਕਿਹਾ, ਸੰਵੇਦਨਾ ਦਾ ਕੀ ਅਰਥ ਹੈ, ਸੇਂਸੇਟਿਵ ਹੋਣ ਦਾ ਕੀ ਅਰਥ ਹੈ, ਉਸ ਦਾ ਮਕਸਦ ਇਹ ਸੀ, ਜਿੰਨੀ ਘੱਟ ਜੜ੍ਹਤਾ ਹੋਵੇ ਉੱਨੀ ਸੰਵੇਦਨ ਦੀ ਸ਼ਕਤੀ ਸ਼ੂਨਯ ਹੋ ਜਾਂਦੀ ਹੈ। ਅਤੇ ਸੰਵੇਦਨ ਦੀ ਸ਼ਕਤੀ ਜਿੰਨੀ ਗਹਿਰੀ ਹੋਵੇ, ਅਸੀਂ ਸੱਚ ਨੂੰ ਉੱਨੀ ਹੀ ਗਹਿਰਾਈ ਤਕ ਅਨੁਭਵ ਕਰ ਸਕਾਂਗੇ, ਅਤੇ ਸੰਵੇਦਨ ਦੀ ਸ਼ਕਤੀ ਜਿੰਨੀ ਕਮਜ਼ੋਰ ਹੋ ਜਾਏਗੀ, ਉੱਨਾ ਹੀ ਅਸੀਂ ਸੱਚ ਤੋਂ ਦੂਰ ਹੋ ਜਾਵਾਂਗੇ ।
ਤਾਂ ਮੈਂ ਤੁਹਾਨੂੰ ਕਹਾਂਗਾ, ਜੋ ਧਾਰਮਕ ਹਨ, ਉਹ ਚੇਤੇ ਰੱਖਣ ਕਿ ਧਰਮ ਉਹਨਾਂ ਦੀ ਆਦਤ ਨਾ ਬਣ ਜਾਵੇ । ਕਿਤੇ ਧਰਮ ਵੀ ਉਹਨਾਂ ਦੀ ਇਕ ਜੜ੍ਹ ਆਦਤ ਨਾ ਬਣ ਜਾਵੇ ਕਿ ਉਹ ਰੋਜ਼ ਸਵੇਰੇ ਮੰਦਰ ਜਾਣ, ਨੀਅਤ ਸਮੇਂ 'ਤੇ ਮੰਦਰ ਜਾਣ, ਇਕ ਨੀਅਤ ਮੰਤਰ ਪੜ੍ਹਨ, ਇਕ ਨੀਅਤ ਦੇਵਤਾ ਦੇ ਸਾਹਮਣੇ ਹੱਥ ਜੋੜਨ; ਇਹ ਕਿਤੇ ਉਹਨਾਂ ਦੀ ਆਦਤ ਨਾ ਹੋਵੇ । ਅਤੇ ਇਹ ਸੱਚ ਹੈ ਕਿ ਸੌ ਵਿੱਚੋਂ ਨਫੁੱਨਵੇਂ ਮੌਕਿਆਂ 'ਤੇ ਇਹ ਇਕ ਜੜ੍ਹ ਆਦਤ ਹੈ। ਅਤੇ ਇਹ ਆਦਤ ਬਿਹਤਰ ਨਹੀਂ ਹੈ ਤੇ ਇਹ ਆਦਤ ਠੀਕ ਨਹੀਂ ਹੈ। ਫਿਰ ਇਹ ਵੀ ਯਾਦ ਰੱਖਣਾ, ਤੁਸੀਂ ਦੂਜਿਆਂ ਦੀਆਂ ਆਦਤਾਂ ਸਵੀਕਾਰ ਕਰ ਲਈਆਂ ਹਨ ਅਤੇ ਤੁਸੀਂ ਉਹਨਾਂ ਦੇ ਮੁਤਾਬਕ ਵਰਤਾਰਾ ਕਰ ਰਹੇ ਹੋ, ਉਹਨਾਂ ਦੇ ਮੁਤਾਬਕ ਆਚਰਣ ਕਰ ਰਹੇ ਹੋ। ਇਹ ਵੀ ਜੜ੍ਹਤਾ ਨੂੰ ਅੰਗੀਕਾਰ ਕਰ ਲੈਣਾ ਹੈ ।
ਜਦ ਵੀ ਮੈਂ ਕੋਈ ਆਗਿਆ ਦੇਵਾਂ ਅਤੇ ਤੁਸੀਂ ਸਵੀਕਾਰ ਕਰ ਲਵੋ ਤਾਂ ਤੁਹਾਡੀ ਚੇਤਨਾ ਅੰਦਰ ਕਮਜ਼ੋਰ ਹੋ ਜਾਂਦੀ ਹੈ । ਜਦ ਵੀ ਦੂਜਾ ਕੁਝ ਕਹੇ ਤੇ ਤੁਸੀਂ ਸਵੀਕਾਰ ਕਰ ਲੈਂਦੇ ਹੋ, ਤੁਹਾਡੇ ਅੰਦਰ ਦੀ ਚੇਤਨਾ ਜੜ੍ਹ ਹੋਣ ਲੱਗਦੀ ਹੈ। ਸਮਾਜ ਕਹਿੰਦਾ ਹੈ, ਸੰਸਕਾਰ ਕਹਿੰਦੇ ਹਨ, ਪੁਰੋਹਤ ਕਹਿੰਦੇ ਹਨ, ਹਜ਼ਾਰਾਂ ਵਰ੍ਹਿਆਂ ਦੀ ਉਹਨਾਂ ਦੀ ਪਰੰਪਰਾ ਹੈ, ਉਸ ਦੇ ਵਜ਼ਨ 'ਤੇ ਕਹਿੰਦੇ ਹਨ। ਹਵਾਲਾ ਦਿੰਦੇ ਹਨ ਸ਼ਾਸਤਰਾਂ ਦਾ ਕਿ ਇਹ ਠੀਕ ਹੈ ਅਤੇ ਅਸੀਂ ਸਵੀਕਾਰ ਕਰ ਲੈਂਦੇ ਹਾਂ। ਹੌਲੀ-ਹੌਲੀ ਅਸੀਂ ਸਵੀਕਾਰ-ਮਾਤਰ 'ਤੇ ਟਿਕੇ ਰਹਿ ਜਾਵਾਂਗੇ, ਅਤੇ ਸਾਡੇ ਅੰਦਰ ਜੋ ਫੁਰਨਾ ਹੋਣਾ ਚਾਹੀਦਾ ਸੀ ਜੀਵਨ ਦਾ, ਉਹ ਬੰਦ ਹੋ ਜਾਏਗਾ।
ਜੀਵਨ ਦੇ ਫੁਰਨੇ ਦੇ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ ਆਗਿਆਵਾਂ ਦੇ ਪਿਛੇ ਨਹੀਂ, ਬਲਕਿ ਆਪਣੇ ਵਿਵੇਕ ਦੇ ਪਿਛੇ ਚੱਲੇ। ਅਤੇ ਜੀਵਨ ਦੇ ਫੁਰਨੇ ਦੇ ਲਈ ਜ਼ਰੂਰੀ ਹੈ ਕਿ ਜੋ-ਜੋ ਚੀਜ਼ਾਂ ਜੜ੍ਹ ਕਰਦੀਆਂ ਹੋਣ, ਵਿਅਕਤੀ ਉਹਨਾਂ ਤੋਂ ਆਪਣੇ-ਆਪ ਨੂੰ ਮੁਕਤ ਕਰ ਲਵੇ । ਸੁਭਾਵਕ ਇਹ ਪ੍ਰਸ਼ਨ ਉਠੇਗਾ, ਤਦ ਤਾਂ ਇਸ ਦਾ ਇਹ ਅਰਥ ਹੋਇਆ ਕਿ ਜੇ ਮੈਂ ਇਕ ਦਫ਼ਤਰ ਵਿਚ ਚਾਲੀ ਸਾਲਾਂ ਤਕ ਕੰਮ ਕਰਨ ਜਾਂਦਾ ਹਾਂ ਤਾਂ ਮੈਂ ਉਸ ਦਫ਼ਤਰ ਨੂੰ ਛੱਡ ਦਿਆਂ, ਉਸ ਦੁਕਾਨ ਨੂੰ ਛੱਡ ਦਿਆਂ, ਉਸ ਘਰ ਨੂੰ ਛੱਡ ਦਿਆਂ। ਇਸ ਦਾ ਤਾਂ ਇਹ ਅਰਥ ਹੋਵੇਗਾ-ਅਤੇ ਇਹ ਅਰਥ ਬਹੁਤ ਲੋਕਾਂ ਨੇ ਲਿਆ ਹੈ।