

ਰੱਖਦਾ ਹੈ ਅਤੇ ਉਠਣ ਨਹੀਂ ਦਿੰਦਾ। ਕਿਹੜੀਆਂ ਜ਼ੰਜੀਰਾਂ ਹਨ ਜੋ ਸਾਨੂੰ ਬੰਨ੍ਹ ਲੈਂਦੀਆਂ ਹਨ । ਸੰਸਾਰ ਦੇ ਤਟ 'ਤੇ ਅਤੇ ਸੱਚ ਤਕ ਨਹੀਂ ਜਾਣ ਦਿੰਦੀਆਂ, ਤਾਂ ਨਿਸਚਿਤ ਹੀ ਉਸ ਨੂੰ ਕਾਰਨ ਦਿਖਾਈ ਪੈ ਜਾਣਗੇ। ਅਤੇ ਜਿਸ ਨੂੰ ਕਾਰਨ ਦਿਖਾਈ ਪੈ ਜਾਣ, ਜੇ ਉਹ ਸੰਕਲਪ ਕਰੇ ਅਤੇ ਕਾਰਨਾਂ ਦੇ ਵਿਰੋਧ ਵਿੱਚ ਚੱਲੇ ਤਾਂ ਨਿਸਚਿਤ ਹੀ ਉਥੇ ਪਹੁੰਚ ਸਕਦਾ ਹੈ ਜਿਥੇ ਪਹੁੰਚਣਾ ਜੀਵਨ ਦਾ ਟੀਚਾ ਹੈ।
ਸ਼ਾਸਤਰ ਜਿਥੇ ਨਹੀਂ ਲੈ ਜਾ ਸਕਣਗੇ, ਉਥੇ ਆਪਣੇ-ਆਪ ਦਾ ਸੱਚ ਲੈ ਜਾਏਗਾ ਅਤੇ ਜਦ ਆਪਣਾ ਸੱਚ ਹਾਸਲ ਹੋਵੇਗਾ ਤਾਂ ਸਭ ਸ਼ਾਸਤਰ ਸੱਚ ਹੋ ਜਾਣਗੇ, ਜਦ ਆਪਣੇ ਅੰਦਰ ਅਹਿਸਾਸ ਜਾਗੇਗਾ ਤਾਂ ਸਾਰੇ ਤੀਰਥੰਕਰ ਤੇ ਸਾਰੇ ਪੈਗ਼ੰਬਰ ਤੇ ਸਾਰੇ ਅਵਤਾਰ, ਸਾਰੇ ਈਸ਼ਵਰ-ਪੁੱਤਰ ਉਸ ਅਹਿਸਾਸ ਵਿੱਚ ਪ੍ਰਮਾਣਤ ਹੋ ਜਾਣਗੇ ਅਤੇ ਤਦ ਦਿਖਾਈ ਪਏਗਾ ਜੋ ਉਹਨਾਂ ਨੇ ਕਿਹਾ ਹੈ, ਉਹ ਸੱਚ ਹੈ! ਅਤੇ ਤਦ ਇਹ ਨਹੀਂ ਦਿਖਾਈ ਪਏਗਾ ਕਿ ਕ੍ਰਾਈਸਟ ਨੇ ਜੋ ਕਿਹਾ ਹੈ, ਉਹ ਸੱਚ ਹੈ ਅਤੇ ਜੋ ਮਹਾਂਵੀਰ ਨੇ ਕਿਹਾ ਹੈ, ਉਹ ਗਲਤ ਹੈ। ਤਦ ਇਹ ਦਿਖਾਈ ਨਹੀਂ ਪਏਗਾ ਕਿ ਮੁਹੰਮਦ ਨੇ ਜੋ ਕਿਹਾ ਹੈ, ਉਹ ਸੱਚ ਹੈ ਤੇ ਰਾਮ ਨੇ ਜੋ ਕਿਹਾ ਹੈ ਉਹ ਗਲਤ ਹੈ। ਜਦ ਤਕ ਅਜੇਹਾ ਦਿਖਾਈ ਪਵੇ ਤਦ ਤਕ ਸਮਝਣਾ ਕਿ ਸ਼ਾਸਤਰ ਬੋਲ ਰਹੇ ਹਨ, ਸੱਚ ਨਹੀਂ ਬੋਲ ਰਿਹਾ। ਤਦ ਦਿਖਾਈ ਪਏਗਾ ਕਿ ਮਹਾਂਵੀਰ ਨੇ ਜੋ ਕਿਹਾ ਹੈ, ਮੁਹੰਮਦ ਨੇ ਜੋ ਕਿਹਾ ਹੈ, ਬੁੱਧ ਨੇ ਜੋ ਕਿਹਾ ਹੈ, ਕ੍ਰਾਈਸਟ ਨੇ ਜੋ ਕਿਹਾ ਹੈ, ਕਨਫਿਊਸ਼ਿਅਸ ਨੇ ਜੋ ਕਿਹਾ ਹੈ, ਰਾਮ, ਕ੍ਰਿਸ਼ਨ ਨੇ ਜੋ ਕਿਹਾ ਹੈ, ਉਹ ਸਭ ਸੱਚ ਹੈ, ਅਤੇ ਉਹ ਸੱਚ ਇਕ ਹੀ ਹੈ। ਜਦ ਸੱਚ ਹਾਸਲ ਹੋਵੇਗਾ ਤਾਂ ਸਭ ਸ਼ਾਸਤਰ ਸੱਚ ਹੋ ਜਾਣਗੇ ਅਤੇ ਜਦ ਤਕ ਸੱਚ ਹਾਸਲ ਨਹੀਂ ਹੋਵੇਗਾ ਤਦ ਤਕ ਇਕ ਸ਼ਾਸਤਰ ਸੱਚ ਹੋਵੇਗਾ ਤੇ ਬਾਕੀ ਦੇ ਸ਼ਾਸਤਰ ਝੂਠ ਹੋਣਗੇ।
ਅਤੇ ਜਦ ਤਕ ਤੁਹਾਨੂੰ ਇਹ ਦਿਸਦਾ ਰਹੇ ਕਿ ਮੈਂ ਹਿੰਦੂ ਹਾਂ ਤਦ ਤਕ ਜਾਣਨਾ, ਅਜੇ ਤੁਸੀਂ ਧਾਰਮਕ ਨਹੀਂ ਹੋਏ। ਅਤੇ ਜਦ ਤਕ ਤੁਹਾਨੂੰ ਲੱਗਦਾ ਰਹੇ, ਮੈਂ ਜੈਨੀ ਹਾਂ ਤਦ ਤਕ ਜਾਣਨਾ ਕਿ ਧਾਰਮਕ ਨਹੀਂ ਹੋਏ, ਕਿਉਂਕਿ ਧਰਮ ਤਾਂ ਇਕ ਹੈ। ਜਦ ਸੱਚ ਹਾਸਲ ਹੋਵੇਗਾ ਤਾਂ ਤੁਸੀਂ ਸਿਰਫ਼ ਧਾਰਮਕ ਹੋਵੋਗੇ, ਤਦ ਕੋਈ ਵਿਸ਼ੇਸ਼ਣ, ਕੋਈ ਸ਼ਾਸਤਰੀ ਵਿਸ਼ੇਸ਼ਣ ਨਹੀਂ ਰਹਿ ਜਾਂਦਾ ਹੈ।
ਈਸ਼ਵਰ ਕਰੇ, ਅਜੇਹੇ ਸੱਚ ਵਿੱਚ ਤੁਹਾਨੂੰ ਜਗਾਏ, ਜੋ ਸਭ ਦਾ ਹੈ। ਅਜੇਹੇ ਸੱਚ ਵਿੱਚ ਤੁਹਾਨੂੰ ਜਗਾਏ ਜੋ ਤੁਹਾਡੇ ਅੰਦਰ ਤਾਂ ਮੌਜੂਦ ਹੈ, ਲੇਕਿਨ ਤੁਸੀਂ ਉਸ ਵਲੋਂ ਅੱਖਾਂ ਫੋਰੀਆਂ ਹੋਈਆਂ ਹਨ। ਈਸ਼ਵਰ ਅਜੇਹੀ ਪਿਆਸ ਦੇਵੇ ਅਤੇ ਅਸੰਤੋਸ਼ ਦੇਵੇ, ਇਹ ਕਾਮਨਾ ਕਰਦਾ ਹਾਂ।
ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਤੇ ਇੰਨੀ ਸ਼ਾਂਤੀ ਨਾਲ ਸੁਣਿਆ। ਉਸ ਤੋਂ ਬਹੁਤ ਧੰਨਵਾਦੀ ਹਾਂ-ਬਹੁਤ ਅਨੰਦਤ ਹਾਂ, ਅਤੇ ਅੰਤ ਵਿੱਚ ਤੁਹਾਡਾ ਧੰਨਵਾਦ ਕਰਦਾ ਹਾਂ, ਤੇ ਪ੍ਰਣਾਮ ਕਰਦਾ ਹਾਂ, ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ, ਮੇਰੇ ਪ੍ਰਣਾਮ ਸਵੀਕਾਰ ਕਰਨਾ।