ਚਬੜ ਚਬੜ ਨਾ ਕਰੀਂ ਸੰਭਾਲ ਬੋਲੀਂ,
ਧੱਪੇ ਮਾਰ ਹੁਣ ਸਿਧਿਆਂ ਕਰੂੰਗੀ ਮੈਂ ।
ਛੋਟੀ ਭੈਣ ਤੂੰ ਮਾਰਨਾ ਹੱਕ ਮੇਰਾ,
ਵਾਂਗ ਤੱਕਲੇ ਸੇਧ ਹੁਣ ਲਵੂੰਗੀ ਮੈਂ ।
ਸਿੱਧਾ ਦੁੱਧ ਦੇ ਨਾਲ ਨਾ ਸੱਪ ਹੋਵੇ,
ਛੰਡ ਫੂਕ ਕੇ ਢਿੱਲਿਆਂ ਕਰੂੰਗੀ ਮੈਂ ।
ਵਿੰਗ ਵਿੱਲ੍ਹ ਦੇ ਨਾਲ ਜੇ ਨਾ ਨਿਕਲਣ,
ਤਾਉ ਅੱਗ ਦੇ ਨਾਲ ਕੱਢ ਲਵੇਗੀ ਮੈਂ ।੭੦।
ਮੌਤ ਗੱਜਦੀ ਅਸਾਂ ਦੇ ਸਿਰੇ ਭੈਣੇਂ !
ਕਿਹੜੇ ਜੀਵਣੇ ਦਾ ਮਾਨ ਧਾਰਨੀ ਹੈਂ ?
ਜੋਬਨ ਤਾਂਈਂ ਬੁਢਾਪੜੇ ਨਿਗਲ ਲੈਣਾ, !
ਕਿਹੜੇ ਦਿਨਾਂ ਤੇ ਹੈਂਕੜਾਂ ਸਾੜਨੀ ਹੈਂ ?
ਦੌਲਤ ਕਾਗ ਬਨੇਰੇ ਦਾ ਜਾਣ ਭੈਣੇ !
ਕਿਹੜੇ ਮਿਲਖ ਤੇ ਐਡ ਹੰਕਾਰਨੀ ਹੈਂ ?
ਭਰੀਆਂ ਬੰਨ੍ਹਦੀ ਹੈਂ ਕਿਹੜੀ ਗਲ ਉੱਤੇ !
ਕੇਹੜੇ ਤਾਣ ਤੇ ਐਡ ਫੁੰਕਾਰਨੀ ਹੈਂ ?੭।
ਭੁੰਨੇ ਵਾਂਗ ਕਬਾਬ ਦੇ ਹਿਰਦਿਆਂ ਨੂੰ,
ਸੀਖ ਚਾੜ੍ਹਕੇ ਅਗਨ ਭਿਖਾਵਨੀ ਹੈਂ ।
ਮੋਏ ਮਾਸ ਨੂੰ ਭੁੰਨਦਾ ਜਗਤ ਸਾਰਾ,
ਜੀਉਂਦਾ ਮਾਸ ਤੂੰ ਭੁੰਨ ਦਿਖਾਵਨੀ ਹੈਂ।
ਮੋਏ ਮਾਸ ਦੇ ਖਾਧਿਆਂ ਰੱਜ ਆਵੇ,
ਏਸ ਮਾਸ ਤੋਂ ਰੱਜ ਕੀ ਪਾਵਨੀਂ ਹੈ ?
ਹਿਰਦਾ ਰੱਬ ਦੇ ਰਹਿਣ ਦਾ ਮਹਿਲ ਭੈਣੇ,
ਓਸ ਮਹਲ ਨੂੰ ਅੱਗ ਲਗਾਵਨੀਂ ਹੈਂ ।੭੨।
ਸੁਖ ਦੱਸ ਖਾਂ ਵਰਤਸੀ ਕਿਵੇਂ ਤੈਂ ਪੁਰ,
ਸਿਰਜਣਹਾਰ ਦੇ ਮਹਿਲ ਨੂੰ ਤੋੜਨੀ ਹੈਂ।
ਨਾਹਰੀ ਹੋਇਕੇ ਸਾਮ੍ਹਣਾ ਕਰੇਂ ਓਹਦਾ,
ਓਹਦੀ ਆਗਿਆ ਕੜਕ ਕੇ ਮੋੜਨੀਂ ਹੈਂ ।