ਖੋਭ ਸਦਾ ਗੰਦੀ, ਜਿਕਰ ਕਾਉਂ ਠੂੰਗੇ ।
ਕੋਈ ਦਏ ਮਿਹਣੇ, ਕੋਈ ਸੜੇ ਅੰਦਰ,
ਕੋਈ ਚੁਪ ਧਾਰੀ ਸਦਾ ਪਿਆ ਉਂਘੇ ।
ਬਰਕਤ ਉੱਡਦੀ ਅੰਦਰੋਂ ਅਤੇ ਬਾਹਰੋਂ,
ਜੁਗਤ ਘਰਾਂ ਦੀ ਦਮੇ ਦੇ ਵਾਂਗ ਹੂੰਗੇ ।੮੨।
ਪਿਤਾ-
ਸਾਨੂੰ ਖਬਰ ਨਾ ਬੱਚੀਏ ਬਹੁਤ ਰਹਿੰਦੀ ।
ਏਨੀ ਬਾਤ ਤੇਰੀ ਮਾਂਉਂ ਆਖਦੀ ਏ ।
ਨੂੰਹ ਬੁਰੀ ਹੈ ਸਦਾ ਹੀ ਕਲ੍ਹਾ ਰੱਖੇ,
ਬੁਰੇ ਬਚਨ ਮੂੰਹੋਂ ਸਦਾ ਭਾਖਦੀ ਏ।
ਜੇਕਰ ਮੱਤ ਦੀ ਓਸ ਨੂੰ ਗਲ ਕਹੀਏ,
ਮਿਹਣੇ ਵਾਂਙ ਹਿਰਦੇ ਉਹਦੇ ਗਾਖਦੀ ਏ।
ਗਿੱਲੇ ਕਾਠ ਦੇ ਵਾਂਗ ਹੈ ਸਦਾ ਧੁਖਦੀ,
ਪਾਸ ਬੈਠੇ ਨੂੰ ਨਾਲ ਧੁਆਂਖਦੀ ਏ ।੩।
ਧੀ-
ਜੇ ਮੈਂ ਕਹਾਂ, ਮਾਂਉਂ ਨੇ ਝੂਠ ਕਹਿਆ,
ਏਸ ਜੀਭ ਨੂੰ ਕੱਟਕੇ ਸੁੱਟ ਪਾਵਾਂ ।
ਜੇ ਮੈਂ ਕਹਾਂ, ਇਹ ਸੱਚ ਹੈ ਸੱਚ ਸਾਰਾ,
ਅਪਣੇ ਆਪ ਤੋਂ ਆਪ ਮੈਂ ਸ਼ਰਮ ਖਾਵਾਂ ।
ਜੇ ਮੈਂ ਕਹਾਂ ਹੈ ਤੁਸਾਂ ਨੂੰ ਖਬਰ ਨਾਹੀਂ,
ਪਿਤਾ ਰੱਦਣੇ ਦਾ ਪਾਪ ਸੀਸ ਪਾਵਾਂ।
ਜੇ ਮੈਂ ਕਹਾਂ ਮੈਂ ਸੱਚ ਨਿਤਾਰਦੀ ਹਾਂ,
ਹਉਮੈ ਰੋਗ ਮੈਂ ਆਪ ਨੂੰ ਆਪ ਲਾਵਾਂ ।੪।