ਕਦੋਂ ਝੂਠ ਮੈਂ ਬੋਲਦੀ ਦੱਸ ਖਾਂ ਨੀ।
ਐਵੇਂ ਉਜ ਲਾਵੇਂ ਕੌਤਕ-ਹਾਰੀਏ ਨੀ,
ਤੇਰਾ ਵੀਰ ਹੈ ਗੁੱਛੜਾ ਫੇਣੀਆਂ ਦਾ,
ਕਰੇ ਕਹਿਰ ਤਾਂ ਝੂਠ ਉਸਾਰੀਏ ਨੀ ।
ਜੇਕਰ ਜਦੋਂ ਉਹ ਆਪੇ ਤੋਂ ਬਾਹਰ ਹੋਵੇ,
ਸੱਚ ਬੋਲੀਏ ਜਾਨ ਤੋਂ ਮਾਰੀਏ ਨੀ ।
ਗੁੱਸੇ ਟਾਲਣੇ ਨੂੰ ਝੂਠ ਦੱਸ ਨਾਹੀਂ.
ਦੁੱਧ ਤਪੇ ਤਾਂ ਫੂਕਾਂ ਹੀ ਮਾਰਏ ਨੀ ੬ ।
ਨਿਨਾਣ-
ਝੂਠ ਕਦੀ ਨਾ ਸੱਚ ਹੋ ਜਾਂਵਦਾ ਹੈ,
ਪਿੱਤਲ ਮੁੱਲ ਨਾ ਸੋਨੇ ਦਾ ਪਾਂਵਦਾ ਏ ।
ਝੂਠ ਝੂਠ ਹੈ ਸਦਾ ਹੀ ਪਾਪ ਭੈਣੇ,
ਝੂਠ ਸਦਾ ਦੁਫੇੜ ਹੀ ਪਾਂਵਦਾ ਏ।
ਝੂਠ ਬੋਲਿਆਂ ਰਹੇ ਇਤਬਾਰ ਨਾਹੀਂ,
ਇਸ ਦੇ ਕਹਿਆਂ ਅਰਾਮ ਨ ਆਂਵਦਾ ਏ ।
ਸੰਸਾ ਹਿਰਦਿਆਂ ਅੰਦਰੇ ਆਇ ਵੜਦਾ,
ਸ਼ੱਕ ਦੋਹੀਂ ਵਲੀਂ ਬੱਝ ਜਾਂਵਦਾ ਏ ।੭।
ਝੂਠ ਨਾਲ ਚਹਿ ਰੰਜ ਕੁਝ ਟਲੇ ਭਾਵੇਂ,
ਪਿਛੋਂ ਪੋਲ ਸਾਰਾ ਖੁਲ੍ਹ ਜਾਂਵਦਾ ਏ।
ਮੀਂਹ ਲੱਥਿਆਂ ਰੇਤ ਦੀ ਕੰਧ ਢਹਿੰਦੀ,
ਝੱਖੜ ਕਾਗਤਾਂ ਤਾਂਈਂ ਉਡਾਂਵਦਾ ਏ ।
ਤਿਵੇਂ ਜਦੋਂ ਨਿਤਾਰੜਾ ਆਣ ਹੋਵੇ,
ਝੂਠ ਪਾਜ ਸਾਰਾ ਖੁਲ੍ਹ ਜਾਂਵਦਾ ਏ ।
ਪਾਜ ਖੁੱਲਿਆਂ ਪਾਣ ਨਾ ਪੱਤ ਰਹਿੰਦੀ,
ਮੋਹ ਫੇਰ ਨਾ ਮੂਲ ਰਹਾਂਵਦਾ ਏ।੮।