ਮੇਰਾ ਮਾਮਲਾ ਸੁਹਲ ਹੈ ਨਾਲ ਨੂੰਹ ਦੇ,
ਬੇਬਸੀ ਮੈਂ ਨੋਂਹ ਦੀ ਜਾਣਦਾ ਹਾਂ ।
ਏਸ ਵਾਸਤੇ ਸਦਾ ਮੈਂ ਦੁਰ ਰਹਿੰਦਾ,
ਚੁਪ ਰਹਿਣ ਦੀ ਸਦਾ ਹੀ ਠਾਣਦਾ ਹਾਂ ।
ਤੇਰੀ ਮਾਂਉਂ ਤੇ ਭੈਣ ਦੀ ਸੁਣੀ ਸਾਰੀ,
ਚੁਪ ਵੱਟਦਾ ਕੁੱਛ ਨਾ ਛਾਣਦਾ ਹਾਂ l੯੩l
ਧੀ–
ਤੁਸੀਂ ਆਖਿਆ ਪਿਤਾ ਹੈ ਸੱਚ ਪਯਾਰੇ,
ਤੁਹਾਡੀ ਦਸ਼ਾ ਨਾਜ਼ਕ ਤੁਹਾਥੋਂ ਨਹੀਂ ਗੁੱਝੀ ।
ਤੁਹਾਨੂੰ ਚੁਪ ਦੇ ਬਿਨਾਂ ਨਾ ਰਾਹ ਕੋਈ,
ਮੇਰੇ ਤਈਂ ਬੀ ਹੋਰ ਨਾ ਕੁਝ ਸੁੱਝੀ।
ਐਪਰ ਚੁਪ ਦੀ ਸੱਟ ਬੀ ਸਹੇ ਭਾਬੀ,
ਤੁਹਾਡੀ ਚੁਪ ਹੈ ਪੰਛੀਆਂ ਜਿਵੇਂ ਕੁੱਜੀ।
ਦੂਜੀ ਗਲ ਹੈ ਨਿਤ ਦੀ ਸਿਖ ਮਾੜੀ,
ਸਿੱਖ ਸੁਣਦਿਆਂ ਹੱਠ ਦੀ ਨਹੀਂ ਪੁੱਜੀ ।੯੪
ਪਿਤਾ-
ਤੇਰੇ ਕਹੇ ਦੇ ਵਿਚ ਹੈ ਮੱਤ ਚੰਗੀ,
ਦੱਸ ਬੱਚੀਏ ਸਾਹੁਰਾ ਕਰੇ ਕੀਕੁਰ ?
ਕੁਝ ਸੋਚਿਆ ਰਾਹ ਤਾਂ ਦੱਸ ਮੈਨੂੰ,
ਪਾਪ ਕਰਨ ਤੋਂ ਬਚਾਂ ਮੈਂ ਦੱਸ ਜੀਕੁਰ ?
ਸਿਆਣੀ ਧੀ ਹੈਂ ਮੁਠ ਨੂੰ ਮੇਲਣੀ ਹੈਂ,
ਗੱਲ ਦਸ ਜੋ ਨਿਭੇ ਹੈ ਅੰਤ ਤੀਕਰ ।
ਨਯਾਓਂ ਪ੍ਰੇਮ ਦਾ ਸਦਾ ਵਰਤਾਉ ਹੋਵੇ,
ਝੂਠਾ ਕਿਸੇ ਦੇ ਸਿਰ ਨਾ ਭਜੇ ਠੀਕਰ l੯੫l