ਪਿਆਰੇ ਪਿਤਾ ਜੀ ਆਪ ਸਿਆਨੜੇ ਹੋ,
ਕੋਟ ਅਕਲ ਦਾ ਦੂਰ ਦੀ ਜਾਣਦੇ ਹੋ ।
ਤੁਸਾਂ ਵਿਦਯਾ ਬਹੁਤ ਹੈ ਪੜ੍ਹੀ ਪਯਾਰੇ,
ਤੁਸੀਂ ਸਮੇਂ ਦੀ ਨਾੜ ਪਛਾਣਦੇ ਹੋ।
ਫਿਰੇਂ ਦੇਸ਼ ਤੇ ਸੰਗਤਾ ਵੇਖੀਆਂ ਨੇ,
ਸੋਨਾ ਕੱਢ ਲੈਂਦੇ ਰੇਤ ਛਾਣਦੇ ਹੋ।
ਤੁਸੀਂ ਇਲਮ ਤੇ ਅਮਲ ਨੂੰ ਧਾਰਏ ਹੋ,
ਧਰਮ ਨਾਮ ਦੀ ਮੌਜ ਨੂੰ ਮਾਣਦੇ ਹੋ ।੯੬
ਮੈਂ ਹਾਂ ਵਿਦਿਆ ਹੀਨ ਤੇ ਘਰੇ ਬੈਠੀ,
ਮੈਨੂੰ ਖਬਰ ਨਾ ਆਰ ਤੇ ਪਾਰਦੀ ਏ ।
ਕਿਹੜੀ ਅਕਲ ਤੇ ਤੁਸਾਂ ਨੂੰ ਰਾਹ ਦੱਸਾਂ,
ਏਹ ਗਲ ਵੀ ਵੱਡੀ ਹੰਕਾਰ ਦੀ ਏ ।
ਤੁਸੀਂ ਪਿਤਾ ਹੋ ਧੀ ਨੂੰ ਮੱਤ ਦੇਵੋ,
ਧੀ ਏਤਨੀ ਅਰਜ਼ ਗੁਜ਼ਾਰਦੀ ਏ ।
ਘਰ ਸਾਡੜੇ ਈਰਖਾ ਪੈਰ ਪਾਇਆ,
ਹੈ ਏ ਡੈਣ ਜੋ ਦੇਸ਼ ਨਿਘਾਰਦੀ ਏ ॥੯੭॥
ਪਿਤਾ–-
ਪਿਆਰੀ ਪੁਤ੍ਰੀ ਅਦਬ ਦਾ ਰੂਪ ਧੀਏ,
ਤੇਰੀ ਅਕਲ ਹੈ ਪਾਰ ਦੁਸਾਰ ਦੇਖੇ ।
ਭਾਵੇਂ ਅਕਲ ਦਾ ਕੋਟ ਉਲਾਦ ਹੋਵੇ,
ਛੋਟੇ ਹੋਣ ਸਦਾ ਜਾਏ ਪਿਤਾ ਲੇਖੇ ।
ਕਦਰ ਨੇਕ ਉਲਾਦ ਦੀ ਕਰਨ ਮਾਪੇ.
ਧ੍ਰ ਰਾਜ ਨੂੰ ਜਿਕਰਾਂ ਪਿਤਾ ਵੇਖੇ ।