ਪੁੱਤਲੀ ਅੱਖ ਦੀ ਚੀਜ਼ ਹੈ ਨਿਕੀ ਜਿਹੀ,
ਐਪਰ ਜਗਤ ਦੇ ਖੰਡ ਬ੍ਰਹਿਮੰਡ ਦੇਖੇ ॥੯੮।
ਤਿਵੇਂ ਨਿੱਕੀਏ ਉਮਰ ਤੇ ਸਾਕ ਅੰਦਰ,
ਵਿਚ ਅਕਲ ਦੇ ਵੱਡੀਏ ਪਿਆਰੀਏ ਨੀ ।
ਦੱਸ ਖੋਲ੍ਹਕੇ ਕੋਈ ਤਦਬੀਰ ਚੰਗੀ,
ਸੱਚ ਝੂਠ ਨੂੰ ਚਾ ਨਿਤਾਰੀਏ ਨੀ।
ਡੈਣ ਈਰਖਾ ਅੰਗਣੇ ਆ ਖੇਡੀ।
ਨਾਲ ਸੋਟੀਆਂ ਓਸ ਨੂੰ ਮਾਰੀਏ ਨੀ ।
ਸ਼ੀਰ ਸ਼ਕਰ ਦੇ ਵਾਂਙ ਪਰਵਾਰ ਹੋਵੇ,
ਵੈਰ ਭਾਵ ਨੂੰ ਕੱਢ ਵਿਡਾਰੀਏ ਨੀ ੯੯
ਧੀ–
ਤੁਸੀਂ ਆਪ ਹੋ ਜਾਣਦੇ ਪਿਤਾ ਪਯਾਰੇ,
ਸਾਰੀ ਗਲ ਨੂੰ ਜਾਣਦੇ ਭਾਂਤਿ ਚੰਗੀ ।
ਭਾਬੀ ਪੜ੍ਹੀ ਨਾ ਗੁੜ੍ਹੀ ਨਾ ਕੁਝ ਡਿੱਠਾ
ਸਹੁਰੇ ਰੁਖ ਦੇ ਨਾਲ ਹੈ ਗਈ ਟੰਗੀ।
ਕਿਸੇ ਨਾਲ ਪਿਆਰ ਨਾ ਮੱਤ ਦਿੱਤੀ ।
ਕਿਸੇ ਓ ਸ ਦੀ ਅਕਲ ਹੈ ਨਹੀਂ ਰੰਗੀ।
ਦੇ ਦੇ ਚੁੰਨਣੀ ਮਾਰ ਕੇ ਬੋਲੀਆਂ ਤੇ,
ਰੱਖੀ ਸਦਾ ਹੈ ਓਸ ਦੇ ਨਾਲ ਤੰਗੀ ।੧੦੦
ਮੈਂ ਨਾ ਆਖਦੀ ਦੋਸ਼ ਤੋਂ ਰਹਿਤ ਭਾਬੀ,
ਸੱਚੀ ਸਾਰਿਓਂ ਪਾਸਿਓਂ ਜਿਵੇਂ ਕੁੰਗੂ ।
ਨਾ ਮੈਂ ਆਖਦੀ ਮਾਂਉਂ ਤੇ ਭੈਣ ਝੂਠੇ,
ਪੀਲੇ ਕਿੱਕਰਾਂ ਦੇ ਜਿਵੇਂ ਹੋਣ ਲੁੰਗੂ ।
ਕੇਵਲ ਇਕ ਬੇਸਮਝੀ ਨੇ ਪਾੜ ਪਾਇਆ,
ਜਿਵੇਂ ਕਰੇ ਹੈਰਾਨ ਹੈ ਵਾਕ ਗੁੰਗੁ ।
ਕਰੋ ਕਿਵੇਂ ਹੀ ਦੂਰ ਬੇਸਮਝੀਆਂ ਨੂੰ,
ਜਿਨ੍ਹੇ ਸਾਰਿਆਂ ਚਾੜਿਆ ਬੁਰਾ ਚੁੰਗੂ ੧੦੧ ।