ਸਿਖੀ ਏਸ ਤੋਂ ਬੀ ਵੱਧ ਹੋਰ ਆਖੇ,
ਬਖਸ਼ ਦਿਓ ਅਪਰਾਧ ਜੇ ਕਰੇ ਕੋਈ ।
ਫੇਰ ਏਸ ਤੋਂ ਕਦਮ ਇਕ ਹੋਰ ਅੱਗੇ,
ਬਖਸ਼ ਦਿਓ ਤੇ ਯਾਦ ਨਾ ਧਰੋ ਸੋਈ।
ਅੱਗੇ ਏਸ ਤੋਂ ਗਲ ਹੈ ਹੋਰ ਚੰਗੀ,
ਦਿਓ ਸਿੱਖਿਆ ਬੁਰਾ ਬੀ ਭਲਾ ਹੋਈ ।
ਚੰਦਨ ਵਾਂਗ ਸੁਗੰਧਿ ਦੇ ਨਾਲ ਬੂਟੇ,
ਚੰਦਨ ਕਰੋ ਤਾਂ ਸਿਖੀ ਹੈ ਸਿਖ ਬੋਈ ।੧੨੪ ।
ਗੁਰੂ ਗ੍ਰੰਥ ਸਾਹਿਬ ਏਹੋ ਮੱਤ ਦੇਂਦੇ,
ਜਿਸ ਨੂੰ ਤੁਸੀਂ ਬੀ ਸੱਚ ਮਨੇਂਵਦੇ ਹੇ ।
ਮਾਫ ਰੱਖਣਾ ਵੀਰ ਜੀ, ਸਚ ਕਹਿੰਦੀ,
ਆਪ ਏਸ ਤੋਂ ਉਲਟ ਕਰੇਂਵਦੇ ਹੋ ।
ਬੁਰਾ ਕਹੇ ਜੋ ਆਪ ਨੂੰ, ਜੀਭ ਲੂਹਾਂ,
ਆਪ ਦੁੱਖ ਆਪਣੇ ਸੀਸ ਲੇਂਵਦੇ ਹੋ ।
ਤੁਸਾਂ ਕਦਮ ਇਕ ਪੱਟਿਆ ਭਲੇ ਪਾਸੇ,
ਮਾਣਕ ਦੂਏ ਦਾ ਨਹੀਂ ਠਹੇਂਵਦੇ ਹੌ ।੧੨੫ ।
ਐਪਰ ਕਦਮ ਏ ਪਹਿਲੜਾ ਭਲੇ ਪਾਸੇ ।
ਏਥੇ ਅਟਕਣਾ ਗਲ ਨਾਂ ਸੋਂਹਦੀ ਹੈ।
ਮਾਰ ਹੰਭਲਾ ਵੀਰ ਜੀ ਤੁਰੋ ਅੱਗੇ,
ਸਿਖੀ ਤੁਰਦਿਆਂ ਹੀ ਉੱਨਤ ਹੋਂਵਦੀ ਹੈ ।
ਕਿਤੇ ਪਹੁੰਚਕੇ ਸਿਖ ਨਾ ਅਟਕ ਬੈਠੇ,
ਤਾਕਤ ਆਪਣੀ ਇੱਕੁਰਾਂ ਖੋਂਵਦੀ ਹੈ।
ਵਾਧਾ ਕਰੇ ਤੇ ਕਦੇ ਨਾ ਰੁਕੇ ਅਟਕੇ,
ਤਾਰ ਵਾਧੇ ਦੀ ਨਹੀਂ ਤੁੜੇਂਵਦੀ ਹੈ ।੧੨੬ ।
ਸਦਾ ਵਾਧੇ ਦੇ ਵਲ ਧਿਆਨ ਸਾਡਾ,
ਵਾਧਾ ਵਾਧਾ ਤਾਂ ਸਦਾ ਹੀ ਲੋਚਣਾ ਹੈ ।