ਨਣਦ ਚੀਰ ਕੇ ਦੋਹਾਂ ਨੂੰ ਵੱਖ ਕਰਦੀ,
ਇਕ ਹੋਇਆਂ ਦੁਟੱਕ ਕਰਾਇਆ ਹੈ।
ਗੁਰੂ ਮੇਲਦਾ ਨਣਦ ਹੈ ਪਾੜ ਦਿੰਦੀ,
ਵੀਰ ਨਣਦ ਨੇ ਕਹਿਰ ਕਮਾਇਆ ਹੈ ।
ਪਾਪੀ ਪਯਾਰਦੀ ਨਹੀਂ ਹੈ, ਗੁਰੂ ਦੇਖੋ,
ਬੱਦੂ ਨਾਮ ਇਉਂ ਆਪ ਕਰਾਇਆ ਹੈ ।੧੩੯।
ਨਣਦ ਉਹ ਹੈ ਸੱਚ ਦੀ ਵੀਰ ਪਯਾਰੇ,
ਜਿਹੜੀ ਸੱਚ ਦੀ ਹੀ ਨਨ ਆਣ* ਹੋਵੇ
'ਨਨ' 'ਨਹੀਂ' ਤੇ 'ਆਣ' ਹੈ 'ਦੂਸਰਾ' ਜੀ,
ਜਿਹਨੂੰ ਸੱਚ ਦੀ ਏਹ ਪਛਾਣ ਹੋਵੇ।
ਭਾਬੀ ਤਈਂ ਨ ਦੂਸਰਾ ਜਾਣਦੀ ਜੋ,
ਵੀਰ ਜੀ ! ਹੈ ਓਹੀ ਨਿਨਾਣ ਹੋਵੇ ।
ਜਿਹੜੀ ਓਪਰਾ ਜਾਣਦੀ ਭਾਬੀਆਂ ਨੂੰ,
ਮੇਰੀ ਜਾਚੇ ਉਹ ਕਹਿਰ ਕਸਾਣ ਹੋਵੇ ।੧੪੦
ਵੀਰ-
ਸਭ ਗੁਣਾਂ ਦੀ ਖਾਣ ਹੋ ਭੈਣ ਪਯਾਰੀ ।
ਸਾਕ ਨਣਦ ਦਾ ਖੂਬ ਪਛਾਣਿਆ ਹੈ।
–––––––––––––––––––––––––––––––––––––––––––––
*ਨਨ-ਅਣ-ਜੋ ਦੂਸਰੀ ਨਹੀ ਹੈ । ਭਾਬੀ ਨੂੰ ਓਪਰੀ ਨਹੀਂ, ਪਰ ਆਪਣੇ ਪਤੀ ਵਰਗੀ, ਉਸ ਦੀ ਪਿਆਰੀ ਭੈਣ ਹੈ, ਤੇ ਭੈਣ ਆਪਣੇ ਭਰਾ ਦੀ ਵਹੁਟੀ ਨੂੰ ਓਪਰੀ ਨਹੀਂ ਜਾਣਦੀ, ਪਰ ਵੀਰ ਦੀ ਅਰਧੰਗੀ ਵੀਰ ਵਰਗੀ ਜਾਣਦੀ ਹੈ ।